ਹਰਿਆਣਾ:- ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ (HHRC) ਨੇ ਹਿਸਾਰ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੀ ਚਿੰਤਾਜਨਕ ਹਾਲਤ ਨੂੰ ਲੈ ਕੇ ਖ਼ੁਦ ਨੋਟਿਸ ਲਿਆ ਹੈ। 7 ਅਗਸਤ ਦੀ ਇੱਕ ਰਿਪੋਰਟ ਅਨੁਸਾਰ, ਲੋਕ ਨਿਰਮਾਣ ਵਿਭਾਗ (PWD) ਨੇ ਜ਼ਿਲ੍ਹੇ ਦੇ 27 ਸਕੂਲਾਂ ਦੀਆਂ ਇਮਾਰਤਾਂ ਜਾਂ ਉਨ੍ਹਾਂ ਦੇ ਵੱਡੇ ਹਿੱਸਿਆਂ ਨੂੰ “ਅਸੁਰੱਖਿਅਤ” ਕਰਾਰ ਦਿੱਤਾ ਹੈ, ਪਰ ਇਨ੍ਹਾਂ ਵਿੱਚ ਅਜੇ ਵੀ ਪੜ੍ਹਾਈ ਜਾਰੀ ਹੈ। ਵਿਦਿਆਰਥੀਆਂ ਨੂੰ ਖੁੱਲ੍ਹੇ ਵਰਾਂਡਿਆਂ, ਸੀਲ ਕੀਤੇ ਕਮਰਿਆਂ, ਪ੍ਰਯੋਗਸ਼ਾਲਾਵਾਂ ਅਤੇ ਸਟਾਫ ਹਾਲਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ, ਅਕਸਰ ਫਰਸ਼ ‘ਤੇ ਬੈਠ ਕੇ। ਮਾਨਸੂਨ ਦੇ ਮੌਸਮ ਵਿੱਚ ਸੱਪ ਦੇ ਕੱਟਣ ਅਤੇ ਹੋਰ ਹਾਦਸਿਆਂ ਦਾ ਜੋਖਮ ਹੋਰ ਵੀ ਵੱਧ ਗਿਆ ਹੈ।
ਕਮਿਸ਼ਨ ਨੇ ਸੁਰੱਖਿਆ ਖ਼ਤਰੇ ‘ਤੇ ਦਿੱਤਾ ਸਖ਼ਤ ਸੰਦੇਸ਼
ਚੇਅਰਪਰਸਨ ਜਸਟਿਸ ਲਲਿਤ ਬੱਤਰਾ ਅਤੇ ਮੈਂਬਰਾਂ ਕੁਲਦੀਪ ਜੈਨ ਅਤੇ ਦੀਪ ਭਾਟੀਆ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਹ ਸਿਰਫ਼ ਸੁਵਿਧਾਵਾਂ ਦੀ ਘਾਟ ਨਹੀਂ, ਸਗੋਂ ਬੱਚਿਆਂ ਦੀ ਜਾਨ ਅਤੇ ਸੁਰੱਖਿਆ ਨਾਲ ਸਿੱਧਾ ਖ਼ਿਲਵਾਰ ਹੈ। ਮੰਗਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 22 ਕਲਾਸਰੂਮਾਂ ਨੂੰ ਢਹਿਣ ਦੇ ਖ਼ਤਰੇ ਕਰਕੇ ਬੰਦ ਕੀਤਾ ਗਿਆ ਹੈ, ਜਿਸ ਕਾਰਨ 480 ਵਿਦਿਆਰਥੀ ਖੁੱਲ੍ਹੇ ਵਰਾਂਡੇ ਵਿੱਚ ਪੜ੍ਹ ਰਹੇ ਹਨ।
ਕਈ ਪਿੰਡਾਂ ਦੇ ਸਕੂਲ ਵੀ ਖ਼ਤਰੇ ‘ਚ
ਦੋਭੀ ਪਿੰਡ ਦੇ ਸਕੂਲ ਵਿੱਚ ਸਾਰੇ 24 ਕਮਰੇ ਜ਼ਰਜਰ ਹਾਲਤ ਵਿੱਚ ਹਨ, ਜਿਸ ਨਾਲ ਵਿਦਿਆਰਥੀ ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਸਟਾਫ ਰੂਮਾਂ ਵਿੱਚ ਤੰਗ ਹਾਲਾਤਾਂ ਵਿੱਚ ਪੜ੍ਹਾਈ ਕਰਨ ਲਈ ਮਜਬੂਰ ਹਨ। ਧਾਂਸੂ, ਸਿਸਵਾਲਾ, ਆਰੀਆ ਨਗਰ ਅਤੇ ਰਾਜਲੀ ਸਮੇਤ ਹੋਰ ਪਿੰਡਾਂ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਅਜਿਹੇ ਹਿੱਸਿਆਂ ਵਿੱਚ ਬਿਠਾਇਆ ਜਾ ਰਿਹਾ ਹੈ ਜਿੱਥੇ ਕੰਧਾਂ ਜਾਂ ਛੱਤਾਂ ਡਿੱਗਣ ਦਾ ਲਗਾਤਾਰ ਖ਼ਤਰਾ ਹੈ।