ਜਲੰਧਰ :- ਡਾ. ਬੀ. ਆਰ. ਅੰਬੇਡਕਰ ਰਾਸ਼ਟਰੀ ਤਕਨਾਲੋਜੀ ਸੰਸਥਾਨ, ਜਲੰਧਰ ਆਪਣੇ ਅਕਾਦਮਿਕ ਇਤਿਹਾਸ ਦੇ ਇੱਕ ਮਹੱਤਵਪੂਰਨ ਪੜਾਅ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਸੰਸਥਾਨ ਵੱਲੋਂ 16 ਜਨਵਰੀ 2026 ਨੂੰ ਕੈਂਪਸ ਅੰਦਰ 21ਵਾਂ ਕੋਨਵੋਕੇਸ਼ਨ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿੱਚ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਹਜ਼ਾਰਾਂ ਵਿਦਿਆਰਥੀਆਂ ਦੀ ਮਿਹਨਤ ਨੂੰ ਮਿਲੇਗਾ ਮੰਚ
ਇਸ ਅਕਾਦਮਿਕ ਸਮਾਰੋਹ ਦੌਰਾਨ ਕੁੱਲ 1,452 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜਾਈ ਸਫ਼ਲਤਾਪੂਰਕ ਪੂਰੀ ਕਰਨ ‘ਤੇ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਬੀ.ਟੈਕ. ਵਿਦਿਆਰਥੀਆਂ ਦੀ ਹੈ, ਜਦਕਿ ਪੋਸਟਗ੍ਰੇਜੂਏਟ, ਐੱਮ.ਬੀ.ਏ., ਐੱਮ.ਐੱਸਸੀ. ਅਤੇ ਪੀਐਚਡੀ ਸਕਾਲਰ ਵੀ ਇਸ ਮੌਕੇ ਦਾ ਹਿੱਸਾ ਬਣਨਗੇ।
ਟੌਪਰਾਂ ਲਈ ਵਿਸ਼ੇਸ਼ ਸਨਮਾਨ
ਸੰਸਥਾਨ ਵੱਲੋਂ ਉੱਤਮ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ 30 ਵਿਸ਼ਿਆਂ ਅਨੁਸਾਰ ਅਵਾਰਡ ਅਤੇ ਇਕ ਓਵਰਆਲ ਬੀ.ਟੈਕ. ਟੌਪਰ ਅਵਾਰਡ ਦਿੱਤਾ ਜਾਵੇਗਾ, ਜੋ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਕੇਂਦਰ ਰਹੇਗਾ।
ਰਾਜਪਾਲ ਸਮੇਤ ਕਈ ਪ੍ਰਮੁੱਖ ਹਸਤੀਆਂ ਦੀ ਉਮੀਦਵਾਰ ਹਾਜ਼ਰੀ
ਕੋਨਵੋਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਕਈ ਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਐਨਆਈਟੀ ਜਲੰਧਰ ਦੀ ਅਕਾਦਮਿਕ ਪਛਾਣ ਹੋਰ ਮਜ਼ਬੂਤ ਹੋਵੇਗੀ।
ਨਿਰਦੇਸ਼ਕ ਦਾ ਸਪਸ਼ਟ ਸੰਦੇਸ਼
ਐਨਆਈਟੀ ਜਲੰਧਰ ਦੇ ਨਿਰਦੇਸ਼ਕ ਪ੍ਰੋ. ਬਿਨੋਦ ਕੁਮਾਰ ਕੰਨੌਜੀਆ ਨੇ ਕਿਹਾ ਕਿ ਕੋਨਵੋਕੇਸ਼ਨ ਸਿਰਫ਼ ਡਿਗਰੀ ਵੰਡ ਸਮਾਰੋਹ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜ ਅਤੇ ਦੇਸ਼ ਲਈ ਜ਼ਿੰਮੇਵਾਰ ਭੂਮਿਕਾ ਨਿਭਾਉਣ ਵੱਲ ਪ੍ਰੇਰਿਤ ਕਰਨ ਦਾ ਮੌਕਾ ਹੈ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਦੀ ਮੌਜੂਦਗੀ ਸੰਸਥਾਨ ਲਈ ਮਾਣ ਅਤੇ ਵਿਦਿਆਰਥੀਆਂ ਲਈ ਉਤਸ਼ਾਹ ਦਾ ਸਰੋਤ ਬਣੇਗੀ।

