ਅੰਮ੍ਰਿਤਸਰ :– ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਅਤੇ ਜਨਤਕ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਈ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਹ ਸਾਰੇ ਹੁਕਮ 6 ਮਾਰਚ 2026 ਤੱਕ ਪ੍ਰਭਾਵੀ ਰਹਿਣਗੇ।
ਸੜਕਾਂ ਤੇ ਪੁਲਾਂ ਨਾਲ ਛੇੜਛਾੜ ‘ਤੇ ਪੂਰੀ ਰੋਕ
ਹੁਕਮਾਂ ਅਨੁਸਾਰ ਹੁਣ ਕੋਈ ਵੀ ਵਿਅਕਤੀ ਸੜਕਾਂ, ਪੁਲੀਆਂ ਜਾਂ ਫਲਾਈਓਵਰਾਂ ‘ਤੇ ਲੱਗੀ ਸਰਕਾਰੀ ਰੇਲਿੰਗ ਜਾਂ ਡਿਵਾਈਡਰ ਤੋੜ ਕੇ ਆਰਜ਼ੀ ਰਸਤਾ ਨਹੀਂ ਬਣਾ ਸਕੇਗਾ। ਪ੍ਰਸ਼ਾਸਨ ਮੁਤਾਬਕ ਕਈ ਵਾਰ ਭਾਰੀ ਮਸ਼ੀਨਰੀ ਜਾਂ ਟਰਾਲੀਆਂ ਲੰਘਾਉਣ ਲਈ ਕੀਤੀ ਜਾਂਦੀ ਇਹ ਭੰਨ-ਤੋੜ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਰਹੀ ਹੈ।
ਪੰਜ ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਮਨਾਹੀ
ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਧਰਨੇ ਲਗਾਉਣ, ਰੋਸ ਪ੍ਰਦਰਸ਼ਨ, ਰੈਲੀਆਂ ਅਤੇ ਨਾਅਰੇਬਾਜ਼ੀ ਕਰਨ ‘ਤੇ ਰੋਕ ਲਗਾਈ ਗਈ ਹੈ। ਇਹ ਕਦਮ ਸਿਆਸੀ ਜਾਂ ਹੋਰ ਜਥੇਬੰਦੀਆਂ ਵੱਲੋਂ ਅਮਨ-ਕਾਨੂੰਨ ਵਿਗਾੜਨ ਦੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਚੁੱਕਿਆ ਗਿਆ ਹੈ।
ਸਕੂਲੀ ਵਾਹਨਾਂ ਲਈ ਸਖ਼ਤ ਹਦਾਇਤਾਂ
ਹੁਕਮਾਂ ਵਿੱਚ ਸਕੂਲੀ ਆਟੋ-ਰਿਕਸ਼ਿਆਂ ਅਤੇ ਹੋਰ ਵਾਹਨਾਂ ਲਈ ਵੀ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੋਈ ਵੀ ਡਰਾਈਵਰ ਬੱਚਿਆਂ ਨੂੰ ਨਿਰਧਾਰਤ ਸਮਰੱਥਾ ਤੋਂ ਵੱਧ ਨਹੀਂ ਬਿਠਾ ਸਕੇਗਾ। ਸਕੂਲ ਪ੍ਰਬੰਧਕਾਂ ਨੂੰ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ ਹੈ।
ਬਿਆਸ ਅਸਲਾ ਭੰਡਾਰ ਨੇੜੇ ਸੁਰੱਖਿਆ ਘੇਰਾ ਕੱਸਿਆ
ਬਿਆਸ ਸਥਿਤ ਅਸਲਾ ਭੰਡਾਰ ਦੇ 1000 ਵਰਗ ਗਜ਼ ਦੇ ਇਲਾਕੇ ਵਿੱਚ ਜਲਣਸ਼ੀਲ ਸਮੱਗਰੀ ਦੀ ਵਰਤੋਂ ਅਤੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਵਿਆਹ ਸਮਾਗਮਾਂ ‘ਚ ਹਥਿਆਰ ਤੇ ਹਵਾਈ ਫਾਇਰਿੰਗ ਮਨਾਹੀ
ਦਿਹਾਤੀ ਖੇਤਰਾਂ ਦੇ ਮੈਰਿਜ ਪੈਲੇਸਾਂ ਅਤੇ ਧਾਰਮਿਕ ਸਥਾਨਾਂ ਵਿੱਚ ਹਥਿਆਰ ਲਿਜਾਣ ਜਾਂ ਹਵਾਈ ਫਾਇਰ ਕਰਨ ‘ਤੇ ਸਖ਼ਤ ਰੋਕ ਲਗਾਈ ਗਈ ਹੈ। ਇਸਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਨੂੰ ਵੀ ਕਾਨੂੰਨੀ ਉਲੰਘਣਾ ਮੰਨਿਆ ਜਾਵੇਗਾ।
ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਰਾਤ ਦਾ ਕਰਫ਼ਿਊ ਵਰਗਾ ਪ੍ਰਬੰਧ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਆਮ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਇਸ ਕਦਮ ਨੂੰ ਰਾਸ਼ਟਰੀ ਸੁਰੱਖਿਆ ਲਈ ਲਾਜ਼ਮੀ ਦੱਸਿਆ ਹੈ।

