ਈਰਾਨ :- ਆਰਥਿਕ ਮੰਦਹਾਲੀ ਅਤੇ ਮਹਿੰਗਾਈ ਦੇ ਵਿਰੋਧ ‘ਚ ਈਰਾਨ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨੇ 12ਵੇਂ ਦਿਨ ਵੀ ਤੀਬਰ ਰੂਪ ਧਾਰ ਲਿਆ ਹੈ। ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਦੇਸ਼ ਭਰ ਵਿੱਚ ਇੰਟਰਨੈੱਟ ਸੇਵਾਵਾਂ ‘ਤੇ ਲਗਭਗ ਪੂਰੀ ਤਰ੍ਹਾਂ ਤਾਲਾਬੰਦੀ ਕਰ ਦਿੱਤੀ ਹੈ, ਜਿਸ ਨਾਲ ਨਾ ਸਿਰਫ਼ ਪ੍ਰਦਰਸ਼ਨਕਾਰੀਆਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ, ਸਗੋਂ ਦੁਨੀਆ ਤੱਕ ਖ਼ਬਰਾਂ ਪਹੁੰਚਣ ਦਾ ਰਸਤਾ ਵੀ ਰੁਕ ਗਿਆ ਹੈ।
ਨੈੱਟਬਲਾਕ ਦੀ ਪੁਸ਼ਟੀ, ਸਭ ਤੋਂ ਵੱਡੀ ਡਿਜੀਟਲ ਕਾਰਵਾਈ
ਇੰਟਰਨੈੱਟ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਨੈੱਟਬਲਾਕ ਨੇ ਦੱਸਿਆ ਹੈ ਕਿ ਵੀਰਵਾਰ ਰਾਤ ਤੋਂ ਈਰਾਨ ‘ਚ ਡਾਟਾ ਸੇਵਾਵਾਂ ਨਗਣ ਪੱਧਰ ‘ਤੇ ਆ ਗਈਆਂ ਹਨ। ਲਾਈਵ ਮਾਨੀਟਰਿੰਗ ਅਨੁਸਾਰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਵਿਸ਼ਤ੍ਰਿਤ ਡਿਜੀਟਲ ਸੈਂਸਰਸ਼ਿਪ ਮੰਨੀ ਜਾ ਰਹੀ ਹੈ, ਜਿਸ ਕਾਰਨ ਆਮ ਨਾਗਰਿਕ ਵੀ ਪੂਰੀ ਤਰ੍ਹਾਂ ਇਕਾਂਤ ‘ਚ ਫਸ ਗਏ ਹਨ।
ਫ਼ੋਨ ਲਾਈਨਾਂ ਵੀ ਠੱਪ, ਵਿਦੇਸ਼ੋਂ ਸੰਪਰਕ ਮੁਸ਼ਕਲ
ਸਥਿਤੀ ਇਥੇ ਹੀ ਨਹੀਂ ਰੁਕੀ। ਜਾਣਕਾਰੀ ਮੁਤਾਬਕ ਟੈਲੀਫ਼ੋਨ ਸੇਵਾਵਾਂ ‘ਚ ਵੀ ਵੱਡੀ ਰੁਕਾਵਟ ਆਈ ਹੈ। ਦੁਬਈ ਸਮੇਤ ਹੋਰ ਦੇਸ਼ਾਂ ਤੋਂ ਈਰਾਨ ਵਿੱਚ ਲੈਂਡਲਾਈਨ ਜਾਂ ਮੋਬਾਈਲ ਨੰਬਰਾਂ ‘ਤੇ ਕਾਲਾਂ ਨਹੀਂ ਮਿਲ ਰਹੀਆਂ, ਜਿਸ ਨਾਲ ਵਿਦੇਸ਼ਾਂ ‘ਚ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਹੋਰ ਵੱਧ ਗਈ ਹੈ।
ਮਹਿੰਗਾਈ ਨੇ ਭੜਕਾਇਆ ਗੁੱਸਾ, ਰਿਆਲ ਦੀ ਕਦਰ ਡਿੱਗੀ
ਮਾਹਿਰਾਂ ਅਨੁਸਾਰ ਪ੍ਰਦਰਸ਼ਨਾਂ ਦੀ ਮੁੱਖ ਵਜ੍ਹਾ ਈਰਾਨੀ ਮੁਦਰਾ ਰਿਆਲ ਦੀ ਲਗਾਤਾਰ ਡਿੱਗਦੀ ਕੀਮਤ ਹੈ, ਜਿਸ ਕਾਰਨ ਮਹਿੰਗਾਈ ਦਰ 42 ਫੀਸਦੀ ਤੋਂ ਉੱਪਰ ਚਲੀ ਗਈ ਹੈ। ਰੋਜ਼ਾਨਾ ਦੀਆਂ ਜ਼ਰੂਰਤਾਂ ਦੀਆਂ ਵਸਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਦਾ ਗੁੱਸਾ ਸੜਕਾਂ ‘ਤੇ ਫੁੱਟ ਪਿਆ ਹੈ।
ਹਿੰਸਾ ‘ਚ 45 ਮੌਤਾਂ, ਹਜ਼ਾਰਾਂ ਗ੍ਰਿਫ਼ਤਾਰ
ਮਨੁੱਖੀ ਅਧਿਕਾਰ ਸੰਗਠਨਾਂ ਦਾ ਦਾਅਵਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੁਣ ਤੱਕ ਘੱਟੋ-ਘੱਟ 45 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 2,260 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਤਾਂ ‘ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਹੋਰ ਸਖ਼ਤ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

