ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਦਾ ਕਹਿਰ ਲਗਾਤਾਰ ਜਾਰੀ ਹੈ। ਲੋਹੜੀ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਅਸਰ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 9 ਜਨਵਰੀ ਲਈ ਧੁੰਦ ਅਤੇ ਕੋਲਡ ਡੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਣ ਦੇ ਅਸਾਰ ਹਨ।
ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ, ਕਈ ਥਾਵਾਂ ‘ਤੇ ਕੋਲਡ ਡੇ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਸਿਰਫ਼ 0.1 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ, ਪਰ ਇਹ ਹਾਲੇ ਵੀ ਆਮ ਤਾਪਮਾਨ ਨਾਲੋਂ ਲਗਭਗ 5.5 ਡਿਗਰੀ ਘੱਟ ਬਣਿਆ ਹੋਇਆ ਹੈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਕੋਲਡ ਡੇ ਦੀ ਸਥਿਤੀ ਦਰਜ ਕੀਤੀ ਗਈ। ਅੰਮ੍ਰਿਤਸਰ ਵਿੱਚ ਧੁੰਦ ਇੰਨੀ ਘਣੀ ਰਹੀ ਕਿ ਵਿਜ਼ੀਬਿਲਟੀ 150 ਮੀਟਰ ਤੱਕ ਸੀਮਿਤ ਰਹੀ, ਜਦਕਿ ਬਠਿੰਡਾ ਕਰੀਬ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਇਲਾਕਾ ਰਿਹਾ।
ਪੱਛਮੀ ਡਿਸਟਰਬੈਂਸ ਅਤੇ ਤੇਜ਼ ਹਵਾਵਾਂ ਨੇ ਵਧਾਇਆ ਠੰਢ ਦਾ ਅਸਰ
ਮੌਸਮ ਵਿਭਾਗ ਦੇ ਮਤਾਬਕ ਜੰਮੂ ਦੇ ਨੇੜੇ ਬਣਿਆ ਪੱਛਮੀ ਡਿਸਟਰਬੈਂਸ ਹੁਣ ਉੱਤਰੀ ਪੰਜਾਬ ਵੱਲ ਸਰਕ ਚੁੱਕਾ ਹੈ, ਜੋ ਜ਼ਮੀਨ ਤੋਂ ਤਕਰੀਬਨ 3 ਕਿਲੋਮੀਟਰ ਉੱਚਾਈ ‘ਤੇ ਸਰਗਰਮ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਉੱਚਾਈ ‘ਤੇ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਸਰਦੀ ਹੋਰ ਤੀਖੀ ਮਹਿਸੂਸ ਕੀਤੀ ਜਾ ਰਹੀ ਹੈ।
ਕਿਹੜੇ ਜ਼ਿਲ੍ਹਿਆਂ ‘ਚ ਰਹੇਗਾ ਸਭ ਤੋਂ ਵੱਧ ਅਸਰ
ਅੱਜ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਠੰਢ ਦਾ ਪ੍ਰਭਾਵ ਵਧੇਰੇ ਰਹਿਣ ਦੀ ਸੰਭਾਵਨਾ ਹੈ। ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਵੀ ਸੀਤ ਲਹਿਰ ਵਰਗੀਆਂ ਹਾਲਤਾਂ ਬਣੀਆਂ ਰਹਿ ਸਕਦੀਆਂ ਹਨ।
ਅਗਲੇ ਤਿੰਨ ਦਿਨਾਂ ਦਾ ਮੌਸਮੀ ਅੰਦਾਜ਼ਾ
10 ਜਨਵਰੀ ਨੂੰ ਸੂਬੇ ਦੇ ਕਈ ਕੇਂਦਰੀ ਅਤੇ ਦੋਆਬਾ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੇ ਆਸਾਰ ਹਨ, ਜਦਕਿ ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਠੰਢ ਦੀ ਲਹਿਰ ਜਾਰੀ ਰਹੇਗੀ। ਮੌਸਮ ਮੁੱਖ ਤੌਰ ‘ਤੇ ਸੁੱਕਾ ਰਹਿਣ ਦੀ ਉਮੀਦ ਹੈ।
11 ਜਨਵਰੀ ਨੂੰ ਪਠਾਨਕੋਟ ਤੋਂ ਲੈ ਕੇ ਮੋਹਾਲੀ ਤੱਕ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਰਾਤ ਦੇ ਸਮੇਂ ਧੁੰਦ ਲੋਕਾਂ ਲਈ ਮੁਸ਼ਕਲ ਬਣ ਸਕਦੀ ਹੈ।
12 ਜਨਵਰੀ ਨੂੰ ਵੀ ਇਹੋ ਜਿਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਧੁੰਦ ਦਾ ਅਸਰ ਜਾਰੀ ਰਹੇਗਾ, ਹਾਲਾਂਕਿ ਮੀਂਹ ਜਾਂ ਬੱਦਲਾਂ ਦੀ ਕੋਈ ਵੱਡੀ ਸੰਭਾਵਨਾ ਨਹੀਂ ਦੱਸੀ ਗਈ।
ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਵੇਰੇ ਸਫ਼ਰ ਦੌਰਾਨ ਸਾਵਧਾਨੀ ਵਰਤਣ, ਗਰਮ ਕੱਪੜੇ ਪਹਿਨਣ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।

