ਫਿਰੋਜ਼ਪੁਰ :- ਫਿਰੋਜ਼ਪੁਰ ਵਿੱਚ ਉਸ ਵੇਲੇ ਅਫ਼ਰਾ–ਤਫ਼ਰੀ ਮਚ ਗਈ ਜਦੋਂ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਵੀਰਵਾਰ ਸਵੇਰੇ ਜਿਵੇਂ ਹੀ ਇਹ ਸੁਨੇਹਾ ਮਿਲਿਆ, ਅਦਾਲਤੀ ਦਾਇਰੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸਰਕਾਰੀ ਈ–ਮੇਲ ਆਈਡੀ ’ਤੇ ਧਮਕੀ ਭਰਿਆ ਮੇਲ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਕੋਰਟ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅਦਾਲਤ ਦੇ ਅੰਦਰਲੇ ਹਿੱਸਿਆਂ ਦੇ ਨਾਲ–ਨਾਲ ਪਾਰਕਿੰਗ ਏਰੀਆ ਅਤੇ ਹੋਰ ਸੰਭਾਵੀ ਥਾਵਾਂ ਨੂੰ ਵੀ ਸੁਰੱਖਿਆ ਘੇਰੇ ਹੇਠ ਲਿਆ ਗਿਆ।
ਫ਼ਿਲਹਾਲ ਇਹ ਧਮਕੀ ਭਰਿਆ ਮੇਲ ਕਿੱਥੋਂ ਭੇਜਿਆ ਗਿਆ ਅਤੇ ਇਸ ਪਿੱਛੇ ਕੌਣ ਹੈ, ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਦੀ ਪ੍ਰਕਿਰਿਆ ਜਾਰੀ ਹੈ ਅਤੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ

