ਅੰਮ੍ਰਿਤਸਰ :- ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੁਨੀਆ ਭਰ ਵਿੱਚ ਧਾਰਮਿਕ ਰੌਣਕਾਂ ਨਜ਼ਰ ਆਈਆਂ। ਦੇਸ਼-ਵਿਦੇਸ਼ ਵਿੱਚ ਨਗਰ ਕੀਰਤਨ, ਅਖੰਡ ਪਾਠ ਅਤੇ ਦੀਵਾਨ ਸੱਜੇ, ਜਿੱਥੇ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਾਜ਼ਰੀ ਭਰੀ।
ਅਕਾਲ ਤਖ਼ਤ ਵੱਲੋਂ ਪਾਬੰਦੀ ਹਟਣ ਮਗਰੋਂ ਵਿਦੇਸ਼ੀ ਦੌਰੇ ਸ਼ੁਰੂ
ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਭਾਈ ਹਰਿੰਦਰ ਸਿੰਘ ਖਾਲਸਾ (ਯੂਕੇ) ’ਤੇ ਪ੍ਰਵਚਨ ਕਰਨ ’ਤੇ ਰੋਕ ਲਗਾਈ ਗਈ ਸੀ। ਪੰਜਾਂ ਸਿੰਘ ਸਾਹਿਬਾਂ ਦੀ 8 ਦਸੰਬਰ 2025 ਨੂੰ ਹੋਈ ਬੈਠਕ ਦੌਰਾਨ ਵਿਚਾਰ-ਵਟਾਂਦਰੇ ਮਗਰੋਂ ਇਹ ਪਾਬੰਦੀ ਹਟਾ ਲਈ ਗਈ। ਇਸ ਫੈਸਲੇ ਤੋਂ ਬਾਅਦ ਹੁਣ ਭਾਈ ਹਰਿੰਦਰ ਸਿੰਘ ਖਾਲਸਾ ਵੱਲੋਂ ਵਿਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
ਅੰਗਰੇਜ਼ੀ ਵਿੱਚ ਵੀ ਗੁਰਬਾਣੀ ਦੀ ਵਿਆਖਿਆ, ਨੌਜਵਾਨਾਂ ’ਤੇ ਖ਼ਾਸ ਧਿਆਨ
ਵਿਦੇਸ਼ਾਂ ਵਿੱਚ ਵੱਸਦੀ ਨਵੀਂ ਪੀੜ੍ਹੀ, ਜੋ ਅਕਸਰ ਪੰਜਾਬੀ ਭਾਸ਼ਾ ਨਾਲ ਪੂਰੀ ਤਰ੍ਹਾਂ ਨਹੀਂ ਜੁੜੀ, ਉਸ ਨੂੰ ਧਿਆਨ ਵਿੱਚ ਰੱਖਦਿਆਂ ਭਾਈ ਖਾਲਸਾ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਵੀ ਗੁਰਬਾਣੀ ਦਾ ਅਰਥ ਸਮਝਾਇਆ ਜਾ ਰਿਹਾ ਹੈ। ਇਸਦਾ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਧਰਮ, ਗੁਰੂਆਂ ਦੀ ਸੋਚ ਅਤੇ ਗੁਰਬਾਣੀ ਦੇ ਸੰਦੇਸ਼ ਨਾਲ ਜੋੜਨਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਜੜਾਂ ਨਾਲ ਜੁੜੀਆਂ ਰਹਿਣ।
ਥਾਈਲੈਂਡ ਤੋਂ ਅੱਗੇ ਹੋਰ ਦੇਸ਼ਾਂ ਤੱਕ ਧਾਰਮਿਕ ਸਮਾਗਮ
ਥਾਈਲੈਂਡ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਤੋਂ ਬਾਅਦ ਭਾਈ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੀ ਇਤਿਹਾਸਕ ਵਿਰਾਸਤ ਨਾਲ ਜਾਣੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸੇਵਾ ਪੂਰੀ ਕਰਨ ਮਗਰੋਂ ਹੁਣ ਵੱਖ-ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀ ਵਿਦੇਸ਼ਾਂ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।

