ਚੰਡੀਗੜ੍ਹ :- ਪੰਜਾਬ ਭਰ ਵਿੱਚ ਬੁੱਧਵਾਰ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਧੁੰਦ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਮੋਹਾਲੀ, ਨਵਾਂਸ਼ਹਿਰ, ਰੂਪਨਗਰ ਅਤੇ ਪਟਿਆਲਾ ਵਿੱਚ ਸੀਤ ਲਹਿਰ ਨਾਲ ਕੋਲਡ ਡੇ ਵਰਗੀ ਸਥਿਤੀ ਬਣਨ ਦੀ ਸੰਭਾਵਨਾ ਜਤਾਈ ਗਈ ਹੈ।
24 ਘੰਟਿਆਂ ‘ਚ ਪਾਰਾ ਦੋ ਡਿਗਰੀ ਡਿੱਗਿਆ
ਪਿਛਲੇ ਇੱਕ ਦਿਨ ਦੌਰਾਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ ਦੋ ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਰਾਤ ਦੇ ਤਾਪਮਾਨ ‘ਚ ਵੀ ਲਗਾਤਾਰ ਗਿਰਾਵਟ ਜਾਰੀ ਹੈ। ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਹੋਇਆ। ਹਾਲਾਂਕਿ ਮੌਸਮ ਖੁਸ਼ਕ ਬਣਿਆ ਰਹੇਗਾ।
ਅੰਮ੍ਰਿਤਸਰ–ਹਲਵਾਰਾ ‘ਚ ਵਿਜ਼ੀਬਿਲਟੀ ਸਿਫ਼ਰ
ਸਵੇਰੇ ਦੇ ਸਮੇਂ ਧੁੰਦ ਦਾ ਅਸਰ ਇੰਨਾ ਗਹਿਰਾ ਰਿਹਾ ਕਿ ਅੰਮ੍ਰਿਤਸਰ ਅਤੇ ਹਲਵਾਰਾ ਵਿੱਚ ਵਿਜ਼ੀਬਿਲਟੀ ਪੂਰੀ ਤਰ੍ਹਾਂ ਸਿਫ਼ਰ ਦਰਜ ਕੀਤੀ ਗਈ। ਬੱਲੋਵਾਲ ਸੌਂਖੜੀ ਵਿੱਚ ਵਿਜ਼ੀਬਿਲਟੀ ਸਿਰਫ਼ 10 ਮੀਟਰ ਰਹੀ, ਜਦਕਿ ਬਠਿੰਡਾ ਵਿੱਚ ਇਹ 150 ਮੀਟਰ ਤੱਕ ਸੀਮਿਤ ਰਹੀ।
ਕਈ ਜ਼ਿਲ੍ਹਿਆਂ ‘ਚ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ
ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਅਤੇ ਮਲੇਰਕੋਟਲਾ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਰਹਿ ਸਕਦੀ ਹੈ। ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਸਮੇਤ ਮਾਲਵਾ ਦੇ ਕੁਝ ਇਲਾਕਿਆਂ ‘ਚ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ।
ਚੰਡੀਗੜ੍ਹ ਤੇ ਰੂਪਨਗਰ ‘ਚ ਤਾਪਮਾਨ ਦੀ ਸਭ ਤੋਂ ਵੱਡੀ ਗਿਰਾਵਟ
ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ ‘ਚ ਚੰਡੀਗੜ੍ਹ ਵਿੱਚ 5.3 ਡਿਗਰੀ ਦੀ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ, ਜਿੱਥੇ ਪਾਰਾ 13.4 ਡਿਗਰੀ ਸੈਲਸੀਅਸ ਤੱਕ ਆ ਗਿਆ। ਰੂਪਨਗਰ ਵਿੱਚ 6.2 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 4.4 ਡਿਗਰੀ ਦੀ ਗਿਰਾਵਟ ਦਰਜ ਹੋਈ। ਸੂਬੇ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ 11.2 ਤੋਂ 19.2 ਡਿਗਰੀ ਦਰਮਿਆਨ ਰਿਹਾ, ਜਦਕਿ ਅੰਮ੍ਰਿਤਸਰ ਵਿੱਚ 11.8 ਡਿਗਰੀ ਦਰਜ ਕੀਤਾ ਗਿਆ।
ਅਗਲੇ ਤਿੰਨ ਦਿਨ: ਠੰਢ ਹੋਰ ਤੇਜ਼ ਹੋਵੇਗੀ
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੋਰ ਡਿੱਗ ਸਕਦਾ ਹੈ, ਇਸ ਤੋਂ ਬਾਅਦ ਤਾਪਮਾਨ ‘ਚ ਵੱਡਾ ਬਦਲਾਅ ਨਹੀਂ ਆਵੇਗਾ।
8, 9 ਤੇ 10 ਜਨਵਰੀ ਦੀ ਤਸਵੀਰ
8 ਜਨਵਰੀ ਨੂੰ ਸੂਬੇ ਦੇ ਬਹੁਤੇ ਜ਼ਿਲ੍ਹਿਆਂ ‘ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।
9 ਅਤੇ 10 ਜਨਵਰੀ ਨੂੰ ਵੀ ਮਾਝਾ ਅਤੇ ਮਾਲਵਾ ਦੇ ਕਈ ਇਲਾਕਿਆਂ ‘ਚ ਧੁੰਦ ਦਾ ਅਸਰ ਬਣਿਆ ਰਹੇਗਾ, ਹਾਲਾਂਕਿ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਰਾਤ ਦੇ ਸਮੇਂ ਸਾਵਧਾਨੀ ਵਰਤਣ, ਖ਼ਾਸ ਕਰਕੇ ਸੜਕ ਯਾਤਰਾ ਦੌਰਾਨ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

