ਚੰਡੀਗੜ੍ਹ :- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਐਸਆਈਟੀ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ‘ਚ ਸੁਮੇਧ ਸੈਣੀ ਨੂੰ ਬੇਦੋਸ਼ ਕਰਾਰ ਦਿੰਦਿਆਂ ਖਾਨਾ ਨੰਬਰ 2 ਵਿੱਚ ਦਰਜ ਕੀਤਾ ਗਿਆ ਹੈ।
2021 ‘ਚ ਦਰਜ ਕੇਸ, ਅੱਜ ਚਾਰਜਸ਼ੀਟ ਅਦਾਲਤ ‘ਚ ਪੇਸ਼
ਵਿਜੀਲੈਂਸ ਬਿਊਰੋ ਵੱਲੋਂ ਸਾਲ 2021 ਵਿੱਚ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜਨੀਅਰ ਨਿਮਰਤਦੀਪ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਵਾਸੀ ਫੇਜ਼-3 ਬੀ-1 ਮੋਹਾਲੀ, ਅਜੇ ਕੌਸ਼ਲ, ਪ੍ਰਦੁੱਮਣ ਸਿੰਘ (ਦੋਵੇਂ ਵਾਸੀ ਹੁਸ਼ਿਆਰਪੁਰ) ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਚੰਡੀਗੜ੍ਹ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਗਿਆ ਸੀ। ਅੱਜ ਐਸਆਈਟੀ ਨੇ ਉਕਤ ਪੰਜਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਦੀ ਤਾਰੀਖ਼ ਤੈਅ ਕੀਤੀ ਹੈ।
ਸਾਬਕਾ ਡੀਜੀਪੀ ਦਾ ਨਾਂ ਹਟਾਇਆ, ਐਸਆਈਟੀ ਦੀ ਰਿਪੋਰਟ ‘ਚ ਵੱਡਾ ਮੋੜ
ਵਿਜੀਲੈਂਸ ਵੱਲੋਂ ਪਹਿਲਾਂ ਇਸ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਮੇਧ ਸੈਣੀ ਨੇ ਆਪਣੇ ਉੱਤੇ ਦਰਜ ਐਫਆਈਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਦਾਲਤ ਦਾ ਰੁਖ ਕੀਤਾ, ਜਿਸ ਉਪਰਾਂਤ ਕੇਸ ਨੂੰ ਐਸਐਸ ਵਾਸਤਵ ਦੀ ਅਗਵਾਈ ਹੇਠ ਬਣੀ ਐਸਆਈਟੀ ਨੂੰ ਸੌਂਪਿਆ ਗਿਆ। ਲੰਬੀ ਜਾਂਚ ਮਗਰੋਂ ਐਸਆਈਟੀ ਨੇ ਸੈਣੀ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ।
35 ਤੋਂ ਵੱਧ ਅਚੱਲ ਜਾਇਦਾਦਾਂ ਬਣਾਉਣ ਦੇ ਦੋਸ਼
ਜਾਂਚ ਏਜੰਸੀ ਮੁਤਾਬਕ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਸਮੇਤ ਕਈ ਥਾਵਾਂ ‘ਤੇ ਕਰੀਬ 35 ਅਚੱਲ ਜਾਇਦਾਦਾਂ ਤਿਆਰ ਕੀਤੀਆਂ। ਇਸ ਤੋਂ ਇਲਾਵਾ ਪਰਿਵਾਰ ਦੇ 22 ਦੇ ਕਰੀਬ ਬੈਂਕ ਖਾਤਿਆਂ ‘ਚ ਲਗਭਗ 4 ਕਰੋੜ 88 ਲੱਖ ਰੁਪਏ ਜਮ੍ਹਾਂ ਹਨ, ਜਦਕਿ 11 ਕਰੋੜ ਤੋਂ ਵੱਧ ਦੀਆਂ ਐਫਡੀਜ਼ ਅਤੇ 2 ਕਰੋੜ ਤੋਂ ਉਪਰ ਦੀ ਵਿਦੇਸ਼ੀ ਕਰੰਸੀ ਖਰੀਦ ਦਾ ਵੀ ਜ਼ਿਕਰ ਚਾਰਜਸ਼ੀਟ ‘ਚ ਕੀਤਾ ਗਿਆ ਹੈ।
ਆਮਦਨ ਅਤੇ ਖਰਚ ‘ਚ ਵੱਡਾ ਅੰਤਰ
ਐਸਆਈਟੀ ਅਨੁਸਾਰ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੁੱਲ ਆਮਦਨ ਲਗਭਗ 20 ਕਰੋੜ 57 ਲੱਖ ਰੁਪਏ ਦੱਸੀ ਗਈ ਹੈ, ਜਦਕਿ ਖਰਚਾ 56 ਕਰੋੜ 16 ਲੱਖ ਰੁਪਏ ਤੋਂ ਵੱਧ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਇਦਾਦਾਂ ਦੀ ਖਰੀਦ-ਫ਼ਰੋਖ਼ਤ ਦੌਰਾਨ ਮਹਿੰਗੀ ਜ਼ਮੀਨ ਨੂੰ ਸਸਤੀ ਦਰਸਾ ਕੇ ਲੈਣ-ਦੇਣ ਕੀਤਾ।
ਸੁਮੇਧ ਸੈਣੀ ‘ਤੇ ਲੱਗੇ ਦੋਸ਼ ਜਾਂਚ ‘ਚ ਸਾਬਤ ਨਾ ਹੋਏ
ਵਿਜੀਲੈਂਸ ਵੱਲੋਂ ਦੋਸ਼ ਲਗਾਏ ਗਏ ਸਨ ਕਿ ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ-20 ਡੀ ਵਿੱਚ ਇਕ ਕੋਠੀ ਪਹਿਲਾਂ ਕਿਰਾਏ ‘ਤੇ ਲਈ ਅਤੇ ਬਾਅਦ ਵਿੱਚ ਉਸ ਦੀ ਖਰੀਦ ਨਾਲ ਸਬੰਧਤ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ। ਹਾਲਾਂਕਿ ਐਸਆਈਟੀ ਦੀ ਜਾਂਚ ਦੌਰਾਨ ਇਹ ਦੋਸ਼ ਸਾਬਤ ਨਹੀਂ ਹੋ ਸਕੇ, ਜਿਸ ਕਾਰਨ ਸਾਬਕਾ ਡੀਜੀਪੀ ਨੂੰ ਬੇਦੋਸ਼ ਕਰਾਰ ਦਿੱਤਾ ਗਿਆ।
ਮਾਮਲੇ ‘ਚ ਕਾਨੂੰਨੀ ਕਾਰਵਾਈ ਜਾਰੀ
ਹੁਣ ਅਦਾਲਤ ਵਿੱਚ ਦਾਖਲ ਕੀਤੀ ਗਈ ਚਾਰਜਸ਼ੀਟ ਦੇ ਆਧਾਰ ‘ਤੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅੱਗੇ ਵਧੇਗੀ, ਜਦਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇਸ ਕੇਸ ਵਿੱਚ ਵੱਡੀ ਰਾਹਤ ਮਿਲੀ ਹੈ।

