ਅੰਮ੍ਰਿਤਸਰ :- ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਦੀ ਭਾਰਤ ਵਾਪਸੀ ਨੂੰ ਇੱਕ ਵਾਰ ਮੁੜ ਟਾਲ ਦਿੱਤਾ ਗਿਆ ਹੈ। ਅਟਾਰੀ–ਵਾਹਗਾ ਸਰਹੱਦ ਰਾਹੀਂ ਹੋਣ ਵਾਲੀ ਉਸ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਐਨ ਆਖਰੀ ਸਮੇਂ ‘ਤੇ ਰੋਕ ਦਿੱਤੀ ਗਈ, ਜਿਸ ਕਾਰਨ ਉਸ ਦੀ ਭਾਰਤ ਵਾਪਸੀ ਇਕ ਵਾਰ ਫਿਰ ਅਟਕ ਗਈ ਹੈ।
ਅਦਾਲਤੀ ਮਾਮਲੇ ਦਾ ਹਵਾਲਾ, ਗ੍ਰਹਿ ਮੰਤਰਾਲੇ ਦਾ ਫੈਸਲਾ
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਅਦਾਲਤ ਵਿੱਚ ਚੱਲ ਰਹੇ ਕੇਸ ਦਾ ਹਵਾਲਾ ਦਿੰਦਿਆਂ ਸਪਸ਼ਟ ਕੀਤਾ ਗਿਆ ਹੈ ਕਿ ਜਦ ਤੱਕ ਮਾਮਲੇ ‘ਚ ਅੰਤਿਮ ਫੈਸਲਾ ਨਹੀਂ ਆ ਜਾਂਦਾ, ਤਦ ਤੱਕ ਸਰਬਜੀਤ ਕੌਰ ਨੂੰ ਭਾਰਤ ਭੇਜਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਕਾਨੂੰਨੀ ਪ੍ਰਕਿਰਿਆ ਅਧੂਰੀ ਹੋਣ ਕਾਰਨ ਉਸ ਦੀ ਰਵਾਨਗੀ ‘ਤੇ ਰੋਕ ਲਗਾਈ ਗਈ ਹੈ।
ਵੀਜ਼ਾ ਮਿਆਦ ਖ਼ਤਮ ਹੋਣ ‘ਤੇ ਲੱਗਿਆ ਜੁਰਮਾਨਾ
ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਰਬਜੀਤ ਕੌਰ ‘ਤੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਮਾਮਲੇ ‘ਚ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 40 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲਗਭਗ 2 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਦੇ ਬਾਵਜੂਦ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਲੈਣ ਲਈ ਸਰਹੱਦ ‘ਤੇ ਤਿਆਰੀ ਪੂਰੀ ਸੀ, ਪਰ ਪਾਕਿਸਤਾਨੀ ਪਾਸੇ ਤੋਂ ਹਰੀ ਝੰਡੀ ਨਹੀਂ ਮਿਲੀ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੌਰਾਨ ਗਈ ਸੀ ਪਾਕਿਸਤਾਨ
ਸਰਬਜੀਤ ਕੌਰ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਯਾਤਰਾ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਉਸ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਨਾਲ ਪਰਿਵਾਰ ਅਤੇ ਸਿੱਖ ਜਗਤ ‘ਚ ਚਿੰਤਾ ਫੈਲ ਗਈ ਸੀ।
ਧਰਮ ਪਰਿਵਰਤਨ ਅਤੇ ਨਿਕਾਹ ਦੀ ਗੱਲ ਆਈ ਸਾਹਮਣੇ
ਬਾਅਦ ਵਿੱਚ ਪਾਕਿਸਤਾਨੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਕਿ ਸਰਬਜੀਤ ਕੌਰ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ ਅਤੇ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਸਰਬਜੀਤ ਦੇ ਬਿਆਨਾਂ ਅਨੁਸਾਰ ਉਸ ਦੀ ਨਾਸਿਰ ਨਾਲ ਜਾਣ-ਪਹਿਚਾਣ ਇੱਕ ਮੋਬਾਈਲ ਐਪ ਰਾਹੀਂ ਹੋਈ ਸੀ, ਜਦੋਂ ਨਾਸਿਰ ਸਾਊਦੀ ਅਰਬ ਵਿੱਚ ਨੌਕਰੀ ਕਰਦਾ ਸੀ।
ਪਾਕਿ ਸਰਕਾਰ ਦਾ ਦਾਅਵਾ: ਆਪਣੀ ਮਰਜ਼ੀ ਨਾਲ ਲਿਆ ਫੈਸਲਾ
ਪਾਕਿਸਤਾਨੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਔਰਤ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਅਤੇ ਨਿਕਾਹ ਕੀਤਾ ਹੈ ਅਤੇ ਇਸ ਸਬੰਧੀ ਪਟੀਸ਼ਨ ਇਸ ਵੇਲੇ ਅਦਾਲਤ ‘ਚ ਵਿਚਾਰ ਅਧੀਨ ਹੈ। ਮੰਤਰਾਲੇ ਮੁਤਾਬਕ ਜਦ ਤੱਕ ਅਦਾਲਤ ਆਪਣਾ ਅੰਤਿਮ ਹੁਕਮ ਨਹੀਂ ਸੁਣਾਉਂਦੀ ਅਤੇ ਕਾਨੂੰਨੀ ਕਾਰਵਾਈ ਪੂਰੀ ਨਹੀਂ ਹੁੰਦੀ, ਤਦ ਤੱਕ ਸਰਬਜੀਤ ਕੌਰ ਦੀ ਭਾਰਤ ਵਾਪਸੀ ਸੰਭਵ ਨਹੀਂ।
ਅਣਮਿੱਥੇ ਸਮੇਂ ਲਈ ਟਲ੍ਹੀ ਵਾਪਸੀ
ਇਸ ਤਾਜ਼ਾ ਫੈਸਲੇ ਨਾਲ ਸਰਬਜੀਤ ਕੌਰ ਦੀ ਭਾਰਤ ਵਾਪਸੀ ਹੁਣ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ। ਦੂਜੇ ਪਾਸੇ, ਭਾਰਤ ਵਿੱਚ ਉਸ ਦੇ ਪਰਿਵਾਰ ਅਤੇ ਸਿੱਖ ਸੰਗਠਨਾਂ ਵੱਲੋਂ ਮਾਮਲੇ ‘ਚ ਜਲਦ ਹੱਲ ਦੀ ਮੰਗ ਕੀਤੀ ਜਾ ਰਹੀ ਹੈ।

