ਫਿਰੋਜ਼ਪੁਰ :- ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਛੱਤ ’ਤੇ ਪਤੰਗ ਉਡਾ ਰਹੇ 8 ਸਾਲਾ ਬੱਚੇ ਦੀ ਅਚਾਨਕ ਤਬੀਅਤ ਵਿਗੜ ਗਈ। ਬੱਚੇ ਨੂੰ ਤੇਜ਼ ਬੇਚੈਨੀ ਅਤੇ ਅਸਹਿਣਸ਼ੀਲ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਹ ਥਾਂ ’ਤੇ ਹੀ ਡਿੱਗ ਪਿਆ।
ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ
ਮ੍ਰਿਤਕ ਦੀ ਪਛਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ, ਜੋ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਾਕਟਰਾਂ ਮੁਤਾਬਕ ਬੱਚੇ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਸਕੂਲ ’ਚ ਸੋਗ ਦੀ ਲਹਿਰ
ਇਸ ਹਾਦਸੇ ਨਾਲ ਸਕੂਲ ਪ੍ਰਬੰਧਨ ਅਤੇ ਵਿਦਿਆਰਥੀਆਂ ’ਚ ਗਹਿਰਾ ਸੋਗ ਛਾ ਗਿਆ ਹੈ। ਸਕੂਲ ਦੇ ਡਾਇਰੈਕਟਰ ਪ੍ਰੋ. ਐਸ.ਪੀ. ਆਨੰਦ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਨਮੀਤ ਇੱਕ ਬਹੁਤ ਹੀ ਹੋਨਹਾਰ ਅਤੇ ਸੁਭਾਅ ਵਾਲਾ ਬੱਚਾ ਸੀ। ਉਸ ਦੀ ਅਕਾਲ ਮੌਤ ਨੇ ਪੂਰੇ ਸਕੂਲ ਨੂੰ ਸਦਮੇ ’ਚ ਪਾ ਦਿੱਤਾ ਹੈ।
ਬੱਚਿਆਂ ’ਚ ਦਿਲ ਦੇ ਦੌਰੇ ਬਣ ਰਹੇ ਚਿੰਤਾ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੱਚਿਆਂ ਵਿੱਚ ਦਿਲ ਦੇ ਦੌਰੇ ਨਾਲ ਹੋ ਰਹੀਆਂ ਅਚਾਨਕ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਹ ਘਟਨਾਵਾਂ ਸਿਹਤ ਮਾਹਿਰਾਂ ਨਾਲ ਨਾਲ ਮਾਪਿਆਂ ਅਤੇ ਸਮਾਜ ਲਈ ਵੀ ਗੰਭੀਰ ਚਿੰਤਾ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।

