ਨਵਾਂਸ਼ਹਿਰ :- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹਿਰਾਮ ਇਲਾਕੇ ਵਿੱਚ ਮੰਗਲਵਾਰ ਸਵੇਰੇ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜੇ ਸ਼ੂਟਰ ਸੋਨੂੰ ਉਰਫ਼ ਕਾਲੀ ਵਿਚਕਾਰ ਮੁਠਭੇੜ ਹੋਈ। ਜਾਣਕਾਰੀ ਅਨੁਸਾਰ, ਮੁਲਜ਼ਮ ਨੂੰ ਪਿਛਲੇ ਦਿਨ ਜੈਪੁਰ ਤੋਂ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਥਿਆਰਾਂ ਦੀ ਬਰਾਮਦਗੀ ਦੌਰਾਨ ਉਸ ਨੇ ਅਚਾਨਕ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਸੋਨੂੰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਤੁਰੰਤ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ।
ਗ੍ਰਿਫ਼ਤਾਰੀ ਜੈਪੁਰ ਤੋਂ, ਸਾਥੀਆਂ ਸਮੇਤ ਕਾਬੂ
ਪੁਲਿਸ ਨੇ ਸੋਨੂੰ ਉਰਫ਼ ਕਾਲੀ, ਪੁੱਤਰ ਉਦੈਮੰਡਲ, ਵਾਸੀ ਆਲਮਗੀਰ ਕਪੂਰਥਲਾ, ਨੂੰ ਉਸ ਦੇ ਸਾਥੀਆਂ—ਜਿਤੇਂਦਰ ਚੌਧਰੀ ਉਰਫ਼ ਰਿਤਿਕ (ਵਾਸੀ ਅਕੋਡੀਆ, ਜ਼ਿਲ੍ਹਾ ਟੋਂਕ), ਸੰਜੇ (ਵਾਸੀ ਨੌਰੰਗਦੇਸਰ, ਜ਼ਿਲ੍ਹਾ ਹਨੂਮਾਨਗੜ੍ਹ) ਅਤੇ ਤਿੰਨ ਨਾਬਾਲਗਾਂ ਸਮੇਤ—ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਲਾਰੈਂਸ ਗਿਰੋਹ ਲਈ ਕੰਮ ਕਰਦੇ ਸਨ ਅਤੇ ਕਈ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੇ ਸਨ।
ਗ੍ਰਨੇਡ ਹਮਲਿਆਂ ‘ਚ ਸੀ ਲੋੜੀਂਦਾ
ਸੋਨੂੰ ‘ਤੇ ਨਵਾਂਸ਼ਹਿਰ ਅਤੇ ਜਲੰਧਰ ਵਿੱਚ ਹਾਲ ਹੀ ਵਿੱਚ ਹੋਏ ਹੈਂਡ ਗ੍ਰਨੇਡ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। 7 ਜੁਲਾਈ 2025 ਨੂੰ ਜਲੰਧਰ ਵਿੱਚ ਇੱਕ ਸ਼ਰਾਬ ਵਿਹਾਰੀ ਦੀ ਦੁਕਾਨ ਬਾਹਰ ਗ੍ਰਨੇਡ ਧਮਾਕਾ ਕਰਕੇ ਦਹਿਸ਼ਤ ਪੈਦਾ ਕੀਤੀ ਗਈ ਸੀ। ਇਹ ਟੀਮ ਕਾਫੀ ਸਮੇਂ ਤੋਂ ਲਾਰੈਂਸ ਗੈਂਗ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਸੀ ਅਤੇ ਪੰਜਾਬ ਵਿੱਚ ਦਹਿਸ਼ਤਗਰਦੀ ਪੈਦਾ ਕਰਨ ਦੀ ਯੋਜਨਾ ‘ਚ ਲੱਗੀ ਹੋਈ ਸੀ।
ਰਾਜਸਥਾਨ ਪੁਲਿਸ ਦੀ ਸਹਾਇਤਾ ਨਾਲ ਆਪਰੇਸ਼ਨ
ਰਾਜਸਥਾਨ ਦੇ ਏਡੀਜੀ ਕ੍ਰਾਈਮ ਦਿਨੇਸ਼ ਐਮਐਨ ਦੇ ਮੁਤਾਬਕ, ਪੰਜਾਬ ਪੁਲਿਸ ਨੇ ਗ੍ਰਨੇਡ ਧਮਾਕਿਆਂ ਸਬੰਧੀ ਸੂਚਨਾ ਭੇਜਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਮਿਲ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਐਡੀਸ਼ਨਲ ਐਸਪੀ ਸਿਧਾਂਤ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਜੈਪੁਰ ਅਤੇ ਟੋਂਕ ਇਲਾਕਿਆਂ ਵਿੱਚ ਛਾਪੇ ਮਾਰ ਕੇ ਛੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਬਾਅਦ ਵਿੱਚ ਇਨ੍ਹਾਂ ਨੂੰ ਸਪੈਸ਼ਲ ਆਪ੍ਰੇਸ਼ਨ ਸੈੱਲ, ਪੰਜਾਬ ਦੇ ਹਵਾਲੇ ਕਰ ਦਿੱਤਾ ਗਿਆ।
ਕੈਨੇਡਾ ਤੋਂ ਹੈਂਡਲ ਹੋ ਰਹੀ ਸੀ ਗਤੀਵਿਧੀ
ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮਾਂ ਦਾ ਹੈਂਡਲਰ ਜ਼ੀਸ਼ਾਨ ਅਖਤਰ ਹੈ, ਜੋ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਪਹਿਲਾਂ ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਜ਼ੀਸ਼ਾਨ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਮਨੂ ਅਗਵਾਨ ਅਤੇ ਗੋਪੀ ਨਵਸ਼ਰੀਆ ਨਾਲ ਮਿਲ ਕੇ ਦੇਸ਼ ਭਰ ਵਿੱਚ ਅਪਰਾਧਿਕ ਕਾਰਵਾਈਆਂ ਕਰਦਾ ਹੈ। ਇਹ ਲੋਕ ਸੋਸ਼ਲ ਮੀਡੀਆ ਅਤੇ ਹੋਰ ਔਨਲਾਈਨ ਐਪਸ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਕੰਮ ਲਈ ਤਿਆਰ ਕਰਦੇ ਹਨ।
ਜ਼ੀਸ਼ਾਨ ਅਖਤਰ ਨੇ ਹੀ ਇਨ੍ਹਾਂ ਨੂੰ ਗ੍ਰਨੇਡ ਮੁਹੱਈਆ ਕਰਵਾਏ ਅਤੇ ਨਿਰਦੇਸ਼ ਦਿੱਤੇ ਸਨ ਕਿ 15 ਅਗਸਤ ਦੇ ਆਸਪਾਸ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਵੱਡੇ ਧਮਾਕੇ ਕਰਕੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਵੇ। ਧਮਾਕਿਆਂ ਤੋਂ ਬਾਅਦ ਇਹ ਗਿਰੋਹ ਰਾਜਸਥਾਨ ਭੱਜ ਗਿਆ ਸੀ, ਜਿੱਥੇ ਆਖ਼ਿਰਕਾਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।