ਅਮਰੀਕਾ :- ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਭਾਰਤੀ ਮੂਲ ਦੀ ਨੌਜਵਾਨ ਨਿਕੀਤਾ ਗੋਡਿਸ਼ਾਲਾ ਦੇ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਇੰਟਰਪੋਲ ਦੀ ਅਗਵਾਈ ਹੇਠ ਚਲ ਰਹੀ ਅੰਤਰਰਾਸ਼ਟਰੀ ਤਲਾਸ਼ ਤੋਂ ਬਾਅਦ ਭਾਰਤੀ ਨਾਗਰਿਕ ਅਰਜੁਨ ਸ਼ਰਮਾ (26) ਨੂੰ ਤਾਮਿਲਨਾਡੂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗੁੰਮਸ਼ੁਦਗੀ ਦੀ ਸ਼ਿਕਾਇਤ ਨੇ ਖੋਲ੍ਹੇ ਸ਼ੱਕ ਦੇ ਦਰਵਾਜ਼ੇ
ਪੁਲਿਸ ਅਨੁਸਾਰ ਅਰਜੁਨ ਸ਼ਰਮਾ ਨੇ 2 ਜਨਵਰੀ ਨੂੰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪ੍ਰੇਮਿਕਾ ਨਿਕੀਤਾ ਗੋਡਿਸ਼ਾਲਾ (27), ਜੋ ਐਲਿਕਾਟ ਸਿਟੀ ਦੀ ਰਹਿਣ ਵਾਲੀ ਸੀ, ਨਿਊ ਯੀਅਰ ਈਵ ਤੋਂ ਲਾਪਤਾ ਹੈ। ਉਸ ਨੇ ਦਾਅਵਾ ਕੀਤਾ ਕਿ ਆਖ਼ਰੀ ਵਾਰ ਉਹ ਉਸਨੂੰ ਕੋਲੰਬੀਆ ਦੇ ਟਵਿਨ ਰਿਵਰਜ਼ ਰੋਡ ਸਥਿਤ ਆਪਣੇ ਫਲੈਟ ਵਿੱਚ ਦੇਖ ਕੇ ਆਇਆ ਸੀ।
ਉਸੇ ਦਿਨ ਭਾਰਤ ਰਵਾਨਗੀ ਨੇ ਵਧਾਇਆ ਸ਼ੱਕ
ਸ਼ਿਕਾਇਤ ਦਰਜ ਕਰਵਾਉਣ ਦੇ ਕੁਝ ਘੰਟਿਆਂ ਬਾਅਦ ਹੀ ਅਰਜੁਨ ਸ਼ਰਮਾ ਦਾ ਅਮਰੀਕਾ ਛੱਡ ਕੇ ਭਾਰਤ ਆ ਜਾਣਾ ਪੁਲਿਸ ਲਈ ਸ਼ੱਕ ਦਾ ਕਾਰਨ ਬਣ ਗਿਆ। ਇਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਉਸਦੇ ਫਲੈਟ ਲਈ ਸਰਚ ਵਾਰੰਟ ਹਾਸਲ ਕੀਤਾ।
ਫਲੈਟ ਤੋਂ ਮਿਲੀ ਲਾਸ਼, ਕਈ ਵਾਰ ਛੁਰੀ ਮਾਰਨ ਦੇ ਨਿਸ਼ਾਨ
3 ਜਨਵਰੀ ਨੂੰ ਪੁਲਿਸ ਨੇ ਟਵਿਨ ਰਿਵਰਜ਼ ਰੋਡ ਸਥਿਤ ਫਲੈਟ ਦੀ ਤਲਾਸ਼ ਦੌਰਾਨ ਨਿਕੀਤਾ ਗੋਡਿਸ਼ਾਲਾ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਮੁਤਾਬਕ ਮ੍ਰਿਤਕ ਦੇ ਸਰੀਰ ’ਤੇ ਕਈ ਵਾਰ ਛੁਰੀ ਨਾਲ ਹਮਲੇ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਅਰਜੁਨ ਸ਼ਰਮਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ।
ਭਾਰਤ-ਅਮਰੀਕਾ ਏਜੰਸੀਆਂ ਦੀ ਸਾਂਝੀ ਕਾਰਵਾਈ
ਅਮਰੀਕੀ ਫੈਡਰਲ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਿਆਂ ਅਰਜੁਨ ਸ਼ਰਮਾ ਦੀ ਹਿਲਚਲ ’ਤੇ ਨਿਗਰਾਨੀ ਕੀਤੀ। ਜਾਣਕਾਰੀ ਸਾਂਝੀ ਹੋਣ ਤੋਂ ਬਾਅਦ ਇੰਟਰਪੋਲ ਦੀ ਸਹਾਇਤਾ ਨਾਲ ਉਸਨੂੰ ਤਾਮਿਲਨਾਡੂ ਵਿੱਚ ਕਾਬੂ ਕਰ ਲਿਆ ਗਿਆ।
ਕੰਪਨੀ ਵੱਲੋਂ ਮਿਲਿਆ ਸੀ ਸਨਮਾਨ
ਨਿਕੀਤਾ ਗੋਡਿਸ਼ਾਲਾ ਫਰਵਰੀ 2025 ਤੋਂ ਵ੍ਹੇਡਾ ਹੈਲਥ ਕੰਪਨੀ ਵਿੱਚ ਡਾਟਾ ਅਤੇ ਸਟ੍ਰੈਟਜੀ ਐਨਾਲਿਸਟ ਵਜੋਂ ਕੰਮ ਕਰ ਰਹੀ ਸੀ। ਪਰਿਵਾਰਕ ਸੂਤਰਾਂ ਮੁਤਾਬਕ ਹਾਲ ਹੀ ਵਿੱਚ ਉਸਨੂੰ ਕੰਪਨੀ ਵੱਲੋਂ “ਆਲ-ਇਨ ਅਵਾਰਡ” ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਭਾਰਤੀ ਦੂਤਾਵਾਸ ਵੱਲੋਂ ਪਰਿਵਾਰ ਨਾਲ ਸੰਪਰਕ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਉਹ ਨਿਕੀਤਾ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਕੌਂਸਲਰ ਸਹਾਇਤਾ ਦਿੱਤੀ ਜਾ ਰਹੀ ਹੈ। ਦੂਤਾਵਾਸ ਵੱਲੋਂ ਸਥਾਨਕ ਅਧਿਕਾਰੀਆਂ ਨਾਲ ਵੀ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਅਫ਼ਵਾਹਾਂ ’ਤੇ ਪੁਲਿਸ ਦੀ ਸਫ਼ਾਈ
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਇਆ ਗਿਆ ਵਿਅਕਤੀ ਇਸ ਮਾਮਲੇ ਨਾਲ ਸੰਬੰਧਤ ਮੁਲਜ਼ਮ ਨਹੀਂ ਹੈ।
ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ
ਸੂਤਰਾਂ ਮੁਤਾਬਕ ਹੁਣ ਅਰਜੁਨ ਸ਼ਰਮਾ ਨੂੰ ਅਮਰੀਕਾ ਹਵਾਲੇ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ, ਜਿਸ ’ਤੇ ਆਉਣ ਵਾਲੇ ਦਿਨਾਂ ਵਿੱਚ ਅੱਗੇ ਦੀ ਕਾਰਵਾਈ ਤੈਅ ਹੋਵੇਗੀ।

