ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਭਾਰੀ ਅਤੇ ਸੰਘਣੀ ਧੁੰਦ ਨੇ ਆਵਾਜਾਈ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਘੱਟ ਦ੍ਰਿਸ਼ਟੀ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੇ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਕੁੱਲ ਪੰਜ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਮੁਜ਼ੱਫ਼ਰਨਗਰ ‘ਚ ਧੁੰਦ ਕਾਰਨ ਪਰਿਵਾਰ ਉਜੜਿਆ, ਮਾਂ-ਪਿਉ ਤੇ ਧੀ ਦੀ ਮੌਤ
ਮੁਜ਼ੱਫ਼ਰਨਗਰ ਦੇ ਨਵੀਂ ਮੰਡੀ ਥਾਣਾ ਖੇਤਰ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਵਾਪਰੇ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਛੀਨ ਲਿਆਈਆਂ। ਹਾਦਸੇ ਦੌਰਾਨ ਇੱਕ ਪਿਤਾ, ਮਾਂ ਅਤੇ ਉਨ੍ਹਾਂ ਦੀ ਨਾਬਾਲਿਗ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਛੇ ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਸੋਨੂੰ (38), ਉਸ ਦੀ ਪਤਨੀ ਰਾਧਿਕਾ (27) ਅਤੇ ਧੀ ਰੀਆ (10) ਵਜੋਂ ਹੋਈ ਹੈ। ਜ਼ਖ਼ਮੀ ਪੁੱਤਰ ਕੱਲੂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।
ਟਰੈਕਟਰ-ਟਰਾਲੀ ਨਾਲ ਟਕਰਾਅ, ਮੋਟਰਸਾਈਕਲ ਸਵਾਰ ਮਾਂ-ਪੁੱਤ ਜ਼ਖ਼ਮੀ
ਇਸੇ ਜ਼ਿਲ੍ਹੇ ਵਿੱਚ ਇੱਕ ਹੋਰ ਹਾਦਸੇ ਦੌਰਾਨ ਹਾਈਵੇਅ ‘ਤੇ ਧੁੰਦ ਕਾਰਨ ਇੱਕ ਮੋਟਰਸਾਈਕਲ ਸਵਾਰ ਮਾਂ-ਪੁੱਤ ਪਿੱਛੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਏ। ਟਕਰ ਇੰਨੀ ਤੇਜ਼ ਸੀ ਕਿ ਦੋਵੇਂ ਸਖ਼ਤ ਜ਼ਖ਼ਮੀ ਹੋ ਗਏ। ਘਟਨਾ ਮਗਰੋਂ ਦੋਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਆਗਰਾ ‘ਚ ਸੱਤ ਵਾਹਨਾਂ ਦੀ ਲੜੀਵਾਰ ਟਕਰ, ਦੋ ਦੀ ਜਾਨ ਗਈ
ਧੁੰਦ ਦਾ ਅਸਰ ਆਗਰਾ ਵਿੱਚ ਵੀ ਸਾਫ਼ ਤੌਰ ‘ਤੇ ਨਜ਼ਰ ਆਇਆ। ਇਰਾਦਤ ਨਗਰ ਥਾਣਾ ਖੇਤਰ ਹੇਠ ਆਗਰਾ-ਗਵਾਲੀਅਰ ਮਾਰਗ ‘ਤੇ ਖਾਰੀ ਨਦੀ ਨੇੜੇ ਘੱਟ ਦ੍ਰਿਸ਼ਟੀ ਕਾਰਨ ਸੱਤ ਵਾਹਨ ਆਪਸ ਵਿੱਚ ਲਗਾਤਾਰ ਟਕਰਾ ਗਏ।
ਹਾਦਸੇ ਵਿੱਚ ਪੰਜ ਟਰੱਕ ਅਤੇ ਦੋ ਕਾਰਾਂ ਸ਼ਾਮਲ ਸਨ। ਭਿਆਨਕ ਟਕਰ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਪੁਲਿਸ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ
ਲਗਾਤਾਰ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਧੁੰਦ ਦੌਰਾਨ ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਵਾਹਨ ਹੌਲੀ ਤੇ ਸਾਵਧਾਨੀ ਨਾਲ ਚਲਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਮੌਸਮ ਹਾਲਾਤਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਵੀ ਖ਼ਤਰਾ ਬਣਿਆ ਰਹਿ ਸਕਦਾ ਹੈ।

