ਚੰਡੀਗੜ੍ਹ :- ਸਾਲ 2026 ਦੀ ਸ਼ੁਰੂਆਤ ਨਾਲ ਹੀ ਬੈਂਕ ਗਾਹਕਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋਣ ਦੇ ਆਸਾਰ ਬਣ ਗਏ ਹਨ। ਬੈਂਕ ਕਰਮਚਾਰੀ ਯੂਨੀਅਨਾਂ ਨੇ 27 ਜਨਵਰੀ ਨੂੰ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ ਭਾਵੇਂ ਇੱਕ ਦਿਨ ਦੀ ਹੈ, ਪਰ ਛੁੱਟੀਆਂ ਦੇ ਕਾਰਨ ਇਸ ਦਾ ਅਸਰ ਕਾਫ਼ੀ ਲੰਮਾ ਪੈ ਸਕਦਾ ਹੈ। ਹਾਲਾਤ ਅਜਿਹੇ ਬਣ ਰਹੇ ਹਨ ਕਿ ਜਨਤਕ ਖੇਤਰ ਦੇ ਬੈਂਕਾਂ ਵਿੱਚ ਲਗਾਤਾਰ ਚਾਰ ਦਿਨ ਤੱਕ ਆਮ ਲੈਣ-ਦੇਣ ਅਤੇ ਦਫ਼ਤਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਛੁੱਟੀਆਂ ਨਾਲ ਜੁੜ ਕੇ ਕਿਵੇਂ ਬਣ ਰਹੀ ਹੈ ਚਾਰ ਦਿਨਾਂ ਦੀ ਬੈਂਕ ਬੰਦਸ਼
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੀ ਅਗਵਾਈ ਹੇਠ ਕੀਤੀ ਗਈ ਇਸ ਹੜਤਾਲ ਤੋਂ ਪਹਿਲਾਂ ਹੀ ਤਿੰਨ ਲਗਾਤਾਰ ਛੁੱਟੀਆਂ ਤੈਅ ਹਨ।
24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
25 ਜਨਵਰੀ ਐਤਵਾਰ ਦੀ ਛੁੱਟੀ ਹੈ।
26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ’ਤੇ ਰਾਸ਼ਟਰੀ ਅਵਕਾਸ ਹੈ।
27 ਜਨਵਰੀ ਨੂੰ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕਿੰਗ ਸੇਵਾਵਾਂ ਚਾਰ ਦਿਨਾਂ ਲਈ ਠੱਪ ਹੋ ਸਕਦੀਆਂ ਹਨ।
ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਦਬਾਅ
ਬੈਂਕ ਕਰਮਚਾਰੀ ਯੂਨੀਅਨਾਂ ਕਾਫ਼ੀ ਸਮੇਂ ਤੋਂ ਪੰਜ ਦਿਨਾਂ ਦੇ ਬੈਂਕਿੰਗ ਹਫ਼ਤੇ ਦੀ ਮੰਗ ਕਰ ਰਹੀਆਂ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਕੰਮ ਦੇ ਘੰਟੇ ਘਟਾਉਣ ਦੀ ਮੰਗ ਨਹੀਂ ਕਰ ਰਹੇ, ਸਗੋਂ ਹਫ਼ਤੇ ਦੇ ਪੰਜ ਦਿਨਾਂ ਵਿੱਚ ਹੀ ਸਾਰਾ ਕੰਮ ਪੂਰਾ ਕਰਨ ਲਈ ਤਿਆਰ ਹਨ। ਇਸ ਲਈ ਹਰ ਰੋਜ਼ ਵਾਧੂ ਸਮਾਂ ਕੰਮ ਕਰਨ ’ਤੇ ਵੀ ਸਹਿਮਤੀ ਬਣੀ ਹੋਈ ਹੈ।
ਸਮਝੌਤਾ ਹੋਣ ਬਾਵਜੂਦ ਲਾਗੂ ਨਹੀਂ ਹੋਈ ਵਿਵਸਥਾ
ਮਾਰਚ 2024 ਵਿੱਚ ਤਨਖਾਹ ਸੋਧ ਸਮਝੌਤੇ ਦੌਰਾਨ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਐਫਬੀਯੂ ਦਰਮਿਆਨ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ’ਤੇ ਸਹਿਮਤੀ ਬਣੀ ਸੀ, ਪਰ ਹੁਣ ਤੱਕ ਇਸਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ। ਯੂਨੀਅਨਾਂ ਦਾ ਦੋਸ਼ ਹੈ ਕਿ ਵਾਅਦੇ ਦੇ ਬਾਵਜੂਦ ਫ਼ੈਸਲੇ ਨੂੰ ਲਟਕਾਇਆ ਜਾ ਰਿਹਾ ਹੈ।
ਹੋਰ ਸੰਸਥਾਵਾਂ ਦਾ ਹਵਾਲਾ ਦੇ ਰਹੀਆਂ ਹਨ ਯੂਨੀਅਨਾਂ
ਬੈਂਕ ਕਰਮਚਾਰੀਆਂ ਦਾ ਤਰਕ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ, ਐਲਆਈਸੀ, ਜੀਆਈਸੀ, ਸਟਾਕ ਐਕਸਚੇਂਜ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਪਹਿਲਾਂ ਹੀ ਪੰਜ ਦਿਨਾਂ ਦੇ ਆਧਾਰ ’ਤੇ ਕੰਮ ਕਰ ਰਹੇ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ, ਫਿਰ ਬੈਂਕਾਂ ਲਈ ਵੱਖਰਾ ਨਿਯਮ ਕਿਉਂ ਹੋਵੇ—ਇਹ ਸਵਾਲ ਯੂਨੀਅਨਾਂ ਵੱਲੋਂ ਉਠਾਇਆ ਜਾ ਰਿਹਾ ਹੈ।
ਯੂਐਫਬੀਯੂ ਦਾ ਦਾਅਵਾ—ਮੰਗ ਨੂੰ ਮਿਲ ਰਿਹਾ ਭਰਪੂਰ ਸਮਰਥਨ
ਯੂਐਫਬੀਯੂ, ਜੋ ਨੌਂ ਵੱਡੀਆਂ ਬੈਂਕ ਯੂਨੀਅਨਾਂ ਦਾ ਸਾਂਝਾ ਮੰਚ ਹੈ, ਦਾ ਕਹਿਣਾ ਹੈ ਕਿ ਪੰਜ ਦਿਨਾਂ ਦੇ ਬੈਂਕਿੰਗ ਹਫ਼ਤੇ ਦੀ ਮੰਗ ਨੂੰ ਲੈ ਕੇ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ ਨੂੰ ਵੀ ਵੱਡਾ ਸਮਰਥਨ ਮਿਲ ਰਿਹਾ ਹੈ। ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾ ਸਕਦਾ ਹੈ।

