ਚੰਡੀਗੜ੍ਹ :- ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਬਰਫ਼ਬਾਰੀ ਦਾ ਸਿੱਧਾ ਅਸਰ ਚੰਡੀਗੜ੍ਹ ਅਤੇ ਨੇੜਲੇ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੜਾਕੇ ਦੀ ਠੰਢ ਨੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਧੁੱਪ ਨਹੀਂ ਨਿਕਲੀ, ਜਿਸ ਕਾਰਨ ਲੋਕਾਂ ਨੂੰ ਦਿਨ ਦੇ ਸਮੇਂ ਵੀ ਠੰਢ ਦਾ ਸਾਹਮਣਾ ਕਰਨਾ ਪਿਆ।
ਸੀਜ਼ਨ ਦਾ ਸਭ ਤੋਂ ਠੰਢਾ ਦਿਨ ਦਰਜ
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6.2 ਡਿਗਰੀ ਘੱਟ ਰਿਹਾ। ਇਸ ਤਰ੍ਹਾਂ ਅੱਜ ਦਾ ਦਿਨ ਮੌਜੂਦਾ ਸਰਦੀ ਦੇ ਮੌਸਮ ਦਾ ਸਭ ਤੋਂ ਠੰਢਾ ਦਿਨ ਸਾਬਤ ਹੋਇਆ। ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਲਗਭਗ 2 ਡਿਗਰੀ ਵੱਧ ਦਰਜ ਕੀਤਾ ਗਿਆ।
ਦਿਨ ਰਾਤ ਨਾਲੋਂ ਜ਼ਿਆਦਾ ਸਿਹਰਾਉਣਾ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਚੰਡੀਗੜ੍ਹ ਵਿੱਚ ਦਿਨ ਦੇ ਵੇਲੇ ਠੰਢ ਰਾਤ ਨਾਲੋਂ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕੇਵਲ 3.2 ਡਿਗਰੀ ਸੈਲਸੀਅਸ ਦਾ ਅੰਤਰ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 31 ਦਸੰਬਰ ਤੋਂ ਬਾਅਦ ਸ਼ਹਿਰ ਵਿੱਚ ਤੇਜ਼ ਧੁੱਪ ਨਹੀਂ ਨਿਕਲੀ, ਹਾਲਾਂਕਿ ਕਦੇ-ਕਦੇ ਸੂਰਜ ਦੀ ਝਲਕ ਜ਼ਰੂਰ ਨਜ਼ਰ ਆਈ।
ਅਗਲੇ ਦੋ ਦਿਨ ਧੁੰਦ ਅਤੇ ਸੀਤ ਲਹਿਰਾਂ ਦੀ ਚੇਤਾਵਨੀ
ਮੌਸਮ ਵਿਭਾਗ ਨੇ ਅਗਾਹੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ ਦੌਰਾਨ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰਾਂ ਦਾ ਪ੍ਰਭਾਵ ਹੋਰ ਵਧੇਗਾ। ਇਸ ਕਾਰਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੋਰ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਠੰਢ ਦੇ ਬਾਵਜੂਦ ਸੈਲਾਨੀ ਥਾਵਾਂ ’ਤੇ ਰੌਣਕ
ਕੜਾਕੇ ਦੀ ਠੰਢ ਦੇ ਬਾਵਜੂਦ ‘ਸਿਟੀ ਬਿਊਟੀਫੁੱਲ’ ਵਿੱਚ ਸੈਲਾਨੀਆਂ ਦੀ ਰੌਣਕ ਕਾਇਮ ਰਹੀ। ਸੁਖਨਾ ਝੀਲ, ਰੌਕ ਗਾਰਡਨ ਅਤੇ ਰੋਜ਼ ਗਾਰਡਨ ਵਿੱਚ ਸਾਰਾ ਦਿਨ ਲੋਕਾਂ ਦੀ ਭੀੜ ਵੇਖੀ ਗਈ, ਜਿੱਥੇ ਕਈ ਸੈਲਾਨੀ ਠੰਢ ਦਾ ਆਨੰਦ ਮਾਣਦੇ ਹੋਏ ਕਿਸ਼ਤੀਆਂ ਚਲਾਉਂਦੇ ਨਜ਼ਰ ਆਏ।
ਗਰਮ ਕੱਪੜਿਆਂ ਦੀ ਮੰਗ ਵਧੀ, ਵਪਾਰੀਆਂ ਨੂੰ ਰਾਹਤ
ਠੰਢ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਵਿੱਚ ਵੀ ਖਾਸਾ ਉਛਾਲ ਆਇਆ ਹੈ। ਸੈਕਟਰ-17 ਪਲਾਜ਼ਾ, ਸੈਕਟਰ-22, 19 ਅਤੇ 41 ਸਮੇਤ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਖਰੀਦਦਾਰਾਂ ਦੀ ਭੀੜ ਲੱਗੀ ਰਹੀ, ਜਿਸ ਨਾਲ ਕੱਪੜਿਆਂ ਦੇ ਵਪਾਰ ਨਾਲ ਜੁੜੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਨਜ਼ਰ ਆ ਰਹੀ ਹੈ।

