ਸ਼ਿਮਲਾ :- ਰਾਜਧਾਨੀ ਸ਼ਿਮਲਾ ਵਿੱਚ ਲਗਾਤਾਰ ਪੈ ਰਹੀ ਮੁਸਲਾਧਾਰ ਬਾਰਿਸ਼ ਨੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਬੀਤੀ ਰਾਤ ਆਈਐਸਬੀਟੀ ਨੇੜੇ ਪਾਂਜੜੀ ਖੇਤਰ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਦੌਰਾਨ ਇੱਕ ਵੱਡਾ ਦਰੱਖਤ ਅਚਾਨਕ ਸੜਕ ਕਿਨਾਰੇ ਖੜ੍ਹੇ ਕਈ ਵਾਹਨਾਂ ‘ਤੇ ਡਿੱਗ ਪਿਆ। ਹਾਦਸੇ ਵਿੱਚ ਕਈ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ, ਪਰ ਖੁਸ਼ਕਿਸਮਤੀ ਨਾਲ ਉਸ ਵੇਲੇ ਮੌਕੇ ‘ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡੀ ਜਾਨੀ ਹਾਨੀ ਤੋਂ ਬਚਾਵ ਹੋ ਗਿਆ।
ਲੋਕਾਂ ਦੀ ਪ੍ਰਸ਼ਾਸਨ ਕੋਲੋਂ ਮੰਗ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਬਾਰਿਸ਼ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਗਈਆਂ ਹਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਦਰੱਖਤ ਹਟਾਉਣ ਨਾਲ ਨਾਲ ਮਲਬਾ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ। ਰਾਹਤ ਅਤੇ ਬਚਾਵ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਰਸਾਤੀ ਮੌਸਮ ਵਿੱਚ ਸ਼ਹਿਰ ਦੇ ਪੁਰਾਣੇ ਅਤੇ ਕਮਜ਼ੋਰ ਦਰੱਖਤਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰਕੇ ਉਨ੍ਹਾਂ ਨੂੰ ਕੱਟਿਆ ਜਾਂ ਸੁਰੱਖਿਅਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ, ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੇ ਸੰਕੇਤ ਦਿੱਤੇ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।