ਚੰਡੀਗੜ੍ਹ :- ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨਾਂ ’ਤੇ ਐਸਜੀਪੀਸੀ ਨੇ ਸਖ਼ਤ ਰੁਖ ਅਪਣਾਇਆ ਹੈ। ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਪੰਨੂ ਵੱਲੋਂ ਪੇਸ਼ ਕੀਤੇ ਜਾ ਰਹੇ ਤੱਥ ਸਿੱਖ ਗੁਰਦੁਆਰਾ ਐਕਟ ਦੇ ਅਨੁਕੂਲ ਨਹੀਂ ਹਨ ਅਤੇ ਸੰਗਤ ਨੂੰ ਗੁੰਮਰਾਹ ਕਰਨ ਵਾਲੇ ਹਨ।
ਜਨਰਲ ਇਜਲਾਸ ਦੀ ਅਗਵਾਈ ’ਚ ਡੀਸੀ ਦੀ ਭੂਮਿਕਾ ਨਹੀਂ
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਦਾਅਵਾ ਗਲਤ ਹੈ ਕਿ ਹਰ ਸਾਲ ਹੋਣ ਵਾਲੇ ਐਸਜੀਪੀਸੀ ਦੇ ਇਜਲਾਸ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਜਾਂ ਮੌਜੂਦਗੀ ਨਾਲ ਹੁੰਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸਿਰਫ਼ ਜਨਰਲ ਚੋਣਾਂ ਤੋਂ ਬਾਅਦ ਹੋਣ ਵਾਲੇ ਪਹਿਲੇ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਡੀਸੀ ਦੀ ਨਿਗਰਾਨੀ ਹੇਠ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੋਣ ਵਾਲੇ ਸਾਰੇ ਸਾਲਾਨਾ ਜਨਰਲ ਇਜਲਾਸਾਂ ਦੀ ਅਗਵਾਈ ਚੁਣਿਆ ਗਿਆ ਪ੍ਰਧਾਨ ਆਪ ਕਰਦਾ ਹੈ ਅਤੇ ਇਨ੍ਹਾਂ ਵਿੱਚ ਕਿਸੇ ਵੀ ਪ੍ਰਸ਼ਾਸਕੀ ਅਧਿਕਾਰੀ ਦੀ ਹਾਜ਼ਰੀ ਦੀ ਕੋਈ ਵਿਵਸਥਾ ਨਹੀਂ।
ਐਕਟ ਦੀ ਗਲਤ ਵਿਆਖਿਆ ਨਾਲ ਪੈਦਾ ਹੋ ਰਿਹਾ ਹੈ ਭਰਮ
ਪ੍ਰਤਾਪ ਸਿੰਘ ਨੇ ਕਿਹਾ ਕਿ ਬਲਤੇਜ ਪੰਨੂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀਆਂ ਧਾਰਾਵਾਂ ਨੂੰ ਅਧੂਰੇ ਤੌਰ ’ਤੇ ਪੇਸ਼ ਕਰਕੇ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਕਨੀਕੀ ਅਤੇ ਸੰਵਿਧਾਨਕ ਮਾਮਲਿਆਂ ’ਤੇ ਬੋਲਣ ਤੋਂ ਪਹਿਲਾਂ ਕਾਨੂੰਨੀ ਪ੍ਰਾਵਧਾਨਾਂ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ।
ਡਾ. ਰੂਪ ਸਿੰਘ ਦੇ ਅਸਤੀਫੇ ਨੂੰ ਜੋੜਨਾ ਵੀ ਗਲਤ: ਐਸਜੀਪੀਸੀ
ਐਸਜੀਪੀਸੀ ਸਕੱਤਰ ਨੇ ਇਹ ਵੀ ਸਪਸ਼ਟ ਕੀਤਾ ਕਿ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਅਸਤੀਫੇ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਜੋੜਨਾ ਤੱਥਹੀਣ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਹੋਈ, ਉਸ ਵੇਲੇ ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਨ, ਨਾ ਕਿ ਪ੍ਰਧਾਨ।
ਸਿੱਖ ਸੰਸਥਾਵਾਂ ’ਤੇ ਬਿਆਨਬਾਜ਼ੀ ਤੋਂ ਪਹਿਲਾਂ ਜ਼ਿੰਮੇਵਾਰੀ ਜ਼ਰੂਰੀ
ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਬਿਆਨ ਦਿੰਦਿਆਂ ਪੂਰੀ ਜ਼ਿੰਮੇਵਾਰੀ ਅਤੇ ਤੱਥਕਤ ਸਹੀ ਜਾਣਕਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਪੜਤਾਲ ਕੀਤੇ ਦਿੱਤੇ ਬਿਆਨ ਸੰਗਤ ਵਿੱਚ ਬੇਵਜ੍ਹਾ ਉਲਝਣ ਅਤੇ ਭਰਮ ਪੈਦਾ ਕਰਦੇ ਹਨ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ।

