ਚੰਡੀਗੜ੍ਹ :- ਦੇਸ਼ ਦੇ ਸਭ ਤੋਂ ਸੁਧਰੇ ਅਤੇ ਸੁਵਿਧਾਵਾਂ ਨਾਲ ਲੈਸ ਸ਼ਹਿਰਾਂ ਵਿੱਚ ਗਿਣਿਆ ਜਾਣ ਵਾਲਾ ਚੰਡੀਗੜ੍ਹ ਇਸ ਸਮੇਂ ਇੱਕ ਅਜਿਹੀ ਬਿਮਾਰੀ ਨਾਲ ਦਬਾਅ ਹੇਠ ਹੈ, ਜੋ ਚੁੱਪਚਾਪ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਟੀਬੀ ਵਰਗੀ ਗੰਭੀਰ ਬਿਮਾਰੀ ਸ਼ਹਿਰ ਵਿੱਚ ਹਰ ਰੋਜ਼ ਔਸਤਨ 19 ਨਵੇਂ ਮਰੀਜ਼ ਪੈਦਾ ਕਰ ਰਹੀ ਹੈ, ਜਿਸ ਨਾਲ ਇਹ ਸਾਫ਼ ਹੋ ਰਿਹਾ ਹੈ ਕਿ ਸਥਿਤੀ ਹੁਣ ਸਿਰਫ਼ ਸਿਹਤ ਵਿਭਾਗ ਦੀ ਨਹੀਂ, ਸਗੋਂ ਸਮੂਹ ਸਮਾਜ ਦੀ ਚਿੰਤਾ ਬਣ ਚੁੱਕੀ ਹੈ।
ਹਰ 208ਵਾਂ ਨਿਵਾਸੀ ਟੀਬੀ ਨਾਲ ਜੂਝ ਰਿਹਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਰੱਖੀ ਗਈ ਜਾਣਕਾਰੀ ਮੁਤਾਬਕ, ਚੰਡੀਗੜ੍ਹ ਵਿੱਚ ਟੀਬੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੰਕੜਿਆਂ ਅਨੁਸਾਰ, ਸ਼ਹਿਰ ਦਾ ਹਰ 208ਵਾਂ ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ। ਸਾਲ 2025 ਦੇ ਅਕਤੂਬਰ ਮਹੀਨੇ ਤੱਕ 5,765 ਮਰੀਜ਼ ਦਰਜ ਹੋ ਚੁੱਕੇ ਹਨ, ਜੋ ਕਿ ਇੱਕ ਵੱਡੀ ਚੇਤਾਵਨੀ ਮੰਨੀ ਜਾ ਰਹੀ ਹੈ।
ਮਾਡਲ ਹੈਲਥ ਸਿਟੀ ਦਾ ਦਾਅਵਾ, ਪਰ ਜ਼ਮੀਨੀ ਹਕੀਕਤ ਵੱਖਰੀ
ਚੰਡੀਗੜ੍ਹ ਨੂੰ ਸਦਾ ਤੋਂ ਦੇਸ਼ ਦੀ ‘ਮਾਡਲ ਹੈਲਥ ਸਿਟੀ’ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇੱਥੇ ਪੀਜੀਆਈ, ਜੀਐਮਸੀਐਚ-32 ਅਤੇ ਸੈਕਟਰ-16 ਸਥਿਤ ਸਰਕਾਰੀ ਮੈਡੀਕਲ ਹਸਪਤਾਲ ਵਰਗੀਆਂ ਵੱਡੀਆਂ ਸੰਸਥਾਵਾਂ ਮੌਜੂਦ ਹਨ। ਇਸ ਦੇ ਬਾਵਜੂਦ, ਟੀਬੀ ਦੇ ਮਾਮਲਿਆਂ ਵਿੱਚ ਆ ਰਹਾ ਉਛਾਲ ਸਿਹਤ ਪ੍ਰਬੰਧਾਂ ’ਤੇ ਸਵਾਲ ਖੜੇ ਕਰ ਰਿਹਾ ਹੈ।
ਵੱਡੀ ਉਮਰ ਦੇ ਲੋਕ ਸਭ ਤੋਂ ਵੱਧ ਨਿਸ਼ਾਨੇ ’ਤੇ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਵਿੱਚ ਟੀਬੀ ਦਾ ਖ਼ਤਰਾ ਸਭ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 46 ਤੋਂ 60 ਸਾਲ ਦੇ ਉਮਰ ਵਰਗ ਵਿੱਚ ਵੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ 0 ਤੋਂ 14 ਸਾਲ ਦੇ ਲਗਭਗ 3.2 ਫੀਸਦੀ ਬੱਚੇ ਵੀ ਇਸ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ, ਜੋ ਸਮਾਜਕ ਪੱਧਰ ’ਤੇ ਵੱਡਾ ਅਲਾਰਮ ਹੈ।
100 ਦਿਨਾਂ ਦੀ ਮੁਹਿੰਮ ਵੀ ਨਾ ਰੋਕ ਸਕੀ ਰਫ਼ਤਾਰ
ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿਛਲੇ ਸਾਲ ਚਲਾਈ ਗਈ 100 ਦਿਨਾਂ ਦੀ ਟੀਬੀ ਮੁਕਤ ਮੁਹਿੰਮ ਵੀ ਚੰਡੀਗੜ੍ਹ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋ ਸਕੀ। ਮਾਹਿਰਾਂ ਮੰਨਦੇ ਹਨ ਕਿ ਸਿਰਫ਼ ਮੁਹਿੰਮਾਂ ਨਹੀਂ, ਸਗੋਂ ਸਮੇਂ ਸਿਰ ਜਾਂਚ ਅਤੇ ਲੋਕਾਂ ਦੀ ਜਾਗਰੂਕਤਾ ਸਭ ਤੋਂ ਅਹਿਮ ਹੈ।
ਸ਼ੁਰੂਆਤੀ ਲੱਛਣਾਂ ਨੂੰ ਅਣਡਿੱਠਾ ਕਰਨਾ ਪੈ ਸਕਦਾ ਹੈ ਭਾਰੀ
ਡਾਕਟਰਾਂ ਮੁਤਾਬਕ, ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ, ਬਲਗ਼ਮ ਵਿੱਚ ਖੂਨ ਆਉਣਾ, ਛਾਤੀ ਵਿੱਚ ਦਰਦ ਅਤੇ ਵਜ਼ਨ ਘਟਣਾ ਟੀਬੀ ਦੇ ਮੁੱਖ ਸੰਕੇਤ ਹਨ। ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਆਮ ਜ਼ੁਕਾਮ ਜਾਂ ਮੌਸਮੀ ਬਿਮਾਰੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬਾਅਦ ਵਿੱਚ ਗੰਭੀਰ ਨਤੀਜੇ ਲੈ ਆਉਂਦਾ ਹੈ। ਦੇਰ ਨਾਲ ਹੋਈ ਜਾਂਚ ਇਲਾਜ ਨੂੰ ਲੰਬਾ ਅਤੇ ਔਖਾ ਬਣਾ ਦਿੰਦੀ ਹੈ।

