ਚੰਡੀਗੜ੍ਹ :- ਪੰਜਾਬ ਵਿਚ ਇਕ ਵਾਰ ਫਿਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਘੋਸ਼ਿਤ ਅੱਤਵਾਦੀ ਸੰਗਠਨ ‘ਸਿੱਖਸ ਫ਼ਾਰ ਜਸਟਿਸ’ ਦੇ ਅਖੌਤੀ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ’ਤੇ ਜਾਰੀ ਤਾਜ਼ਾ ਵੀਡੀਓ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵੀਡੀਓ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।
12 ਜਨਵਰੀ ਤੋਂ ਸਕੂਲ-ਕਾਲਜਾਂ ’ਚ ਰਾਸ਼ਟਰੀ ਗਾਨ ਰੋਕਣ ਦੀ ਗੱਲ
ਵੀਡੀਓ ਸੰਦੇਸ਼ ਵਿੱਚ ਪੰਨੂ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ਹੈ ਕਿ 12 ਜਨਵਰੀ ਤੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਰਾਸ਼ਟਰੀ ਗਾਨ ‘ਜਨ-ਗਣ-ਮਨ’ ਨਾ ਵੱਜਣ ਦਿੱਤਾ ਜਾਵੇ। ਉਸ ਨੇ ਸਕੂਲਾਂ ਅਤੇ ਕਾਲਜਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਮੁੱਦੇ ’ਤੇ ਨੌਜਵਾਨਾਂ ਨੂੰ ਅੱਗੇ ਆਉਣ ਲਈ ਉਕਸਾਇਆ।
ਧਾਰਮਿਕ ਨਾਅਰੇ ਨੂੰ ਬਣਾਇਆ ਹਥਿਆਰ
ਪੰਨੂ ਨੇ ਆਪਣੇ ਸੰਦੇਸ਼ ਵਿਚ ਰਾਸ਼ਟਰੀ ਗਾਨ ਦੀ ਥਾਂ ਧਾਰਮਿਕ ਬਾਣੀ ‘ਦੇਹ ਸਿਵਾ ਬਰੁ ਮੋਹਿ’ ਗਾਉਣ ਦੀ ਗੱਲ ਕੀਤੀ। ਇਸਦੇ ਨਾਲ ਹੀ ਉਸ ਨੇ ਭਾਸ਼ਾਈ ਮੁੱਦੇ ਨੂੰ ਵੀ ਚੇੜ੍ਹਦੇ ਹੋਏ ਪੰਜਾਬ ਤੋਂ ਹਿੰਦੀ ਭਾਸ਼ਾ ਨੂੰ ਹਟਾਉਣ ਵਰਗੇ ਬਿਆਨ ਦਿੱਤੇ, ਜੋ ਸਮਾਜਕ ਸਾਂਝ ਲਈ ਖ਼ਤਰਨਾਕ ਮੰਨੇ ਜਾ ਰਹੇ ਹਨ।
ਵੱਖਵਾਦੀ ਬਿਆਨਬਾਜ਼ੀ ਨਾਲ ਨਵਾਂ ਵਿਵਾਦ
ਵੀਡੀਓ ਵਿੱਚ ਪੰਨੂ ਨੇ ਵੱਖਵਾਦੀ ਭਾਸ਼ਾ ਦੀ ਵਰਤੋਂ ਕਰਦਿਆਂ ਪੰਜਾਬ ਨੂੰ ਭਾਰਤ ਦੇ ਅਧੀਨ ਦੱਸਿਆ ਅਤੇ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਦੀ ਗੱਲ ਦੁਹਰਾਈ। ਉਸ ਨੇ 2026 ਵਿੱਚ ਕਥਿਤ ਰੈਫਰੈਂਡਮ ਕਰਵਾਉਣ ਦਾ ਜ਼ਿਕਰ ਕਰਦੇ ਹੋਏ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।
ਪਰਿਵਾਰ ਤੇ ਪ੍ਰਸ਼ਾਸਨ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼
ਪੰਨੂ ਇਥੇ ਹੀ ਨਹੀਂ ਰੁਕਿਆ। ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਜੇ ਪਰਿਵਾਰ ਜਾਂ ਸਰਕਾਰੀ ਪ੍ਰਣਾਲੀ ਵੱਲੋਂ ਰੋਕ ਟੋਕ ਕੀਤੀ ਜਾਵੇ, ਤਾਂ ਉਸਦਾ ਵਿਰੋਧ ਕੀਤਾ ਜਾਵੇ। ਮਾਹਿਰਾਂ ਦੇ ਅਨੁਸਾਰ ਇਹ ਬਿਆਨ ਸਿੱਧੇ ਤੌਰ ’ਤੇ ਨੌਜਵਾਨਾਂ ਨੂੰ ਕਾਨੂੰਨ ਅਤੇ ਸਮਾਜਕ ਢਾਂਚੇ ਦੇ ਖ਼ਿਲਾਫ਼ ਖੜ੍ਹਾ ਕਰਨ ਦੀ ਕੋਸ਼ਿਸ਼ ਹੈ।
ਸੁਰੱਖਿਆ ਏਜੰਸੀਆਂ ਸਚੇਤ
ਪੰਨੂ ਦੇ ਇਸ ਤਾਜ਼ਾ ਵੀਡੀਓ ਸੰਦੇਸ਼ ਤੋਂ ਬਾਅਦ ਕੇਂਦਰੀ ਅਤੇ ਰਾਜ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਚੇਤ ਦਿਖ ਰਹੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿੱਦਿਅਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਨੌਜਵਾਨਾਂ ਨੂੰ ਗਲਤ ਰਾਹ ਵੱਲ ਧੱਕਣ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ।

