ਚੰਡੀਗੜ :- ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ, ਪਰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜ਼ਰੂਰ ਹੈ। ਅੰਮ੍ਰਿਤਸਰ ਅਤੇ ਨੇੜਲੇ ਇਲਾਕਿਆਂ ਵਿੱਚ ਸਵੇਰੇ ਹੋਈ ਬੂੰਦਾ-ਬਾਂਦੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ।
ਤਿੰਨ ਦਿਨ ਚੰਗੀ ਬਾਰਿਸ਼ ਦੀ ਭਵਿੱਖਬਾਣੀ
ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਤਿੰਨ ਦਿਨਾਂ ਦੌਰਾਨ ਸੂਬੇ ਵਿੱਚ ਵਧੀਆ ਬਾਰਿਸ਼ ਹੋ ਸਕਦੀ ਹੈ, ਜੋ ਆਮ ਮਾਤਰਾ ਨਾਲੋਂ ਵੱਧ ਹੋਣ ਦੀ ਉਮੀਦ ਹੈ। ਕੱਲ੍ਹ ਵੀ ਕਈ ਇਲਾਕਿਆਂ ਵਿੱਚ ਮੀਂਹ ਪਿਆ ਸੀ—ਲੁਧਿਆਣਾ ਵਿੱਚ 0.2 ਮਿਲੀਮੀਟਰ, ਪਟਿਆਲਾ ਵਿੱਚ 1.4 ਮਿਲੀਮੀਟਰ, ਮੋਹਾਲੀ ਵਿੱਚ 3 ਮਿਲੀਮੀਟਰ ਅਤੇ ਰੂਪਨਗਰ ਵਿੱਚ 10 ਮਿਲੀਮੀਟਰ। ਇਸ ਕਾਰਨ ਔਸਤ ਵੱਧ ਤੋਂ ਵੱਧ ਤਾਪਮਾਨ 2.7 ਡਿਗਰੀ ਸੈਲਸੀਅਸ ਘੱਟ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਅਸਮਾਨ ਸਾਫ਼ ਰਹੇਗਾ। ਪਰ 13 ਤੋਂ 15 ਅਗਸਤ ਤੱਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 16 ਅਗਸਤ ਤੋਂ ਮੌਸਮ ਮੁੜ ਸਾਫ਼ ਹੋਣ ਦੀ ਉਮੀਦ ਹੈ।
ਹਿਮਾਚਲ ਵਿੱਚ ਲੈਂਡਸਲਾਈਡ ਨਾਲ ਰਾਹ ਬੰਦ
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਸਿਰਮੌਰ, ਮੰਡੀ, ਕਾਂਗੜਾ ਸਮੇਤ ਕਈ ਸਥਾਨਾਂ ‘ਤੇ ਸੋਮਵਾਰ ਨੂੰ ਮੀਂਹ ਪਿਆ। ਪਾਉਂਟਾ ਸਾਹਿਬ–ਸ਼ਿਲਾਈ–ਗੁੰਮਾ ਰਾਸ਼ਟਰੀ ਮਾਰਗ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਕਫੋਟਾ ਸਬ-ਡਿਵੀਜ਼ਨ ਦੇ ਹੈਵਾਨਾ ਨੇੜੇ ਕਾਲੀਧਾਂਗ ਵਿਖੇ ਭੂ-ਸਖਲਨ ਕਾਰਨ ਬੰਦ ਰਿਹਾ।