ਅਮਰੀਕਾ :- ਨਵਾਂ ਸਾਲ ਚੜ੍ਹਦੇ ਹੀ ਵਿਸ਼ਵ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ। ਅਮਰੀਕਾ ਨੇ ਵੇਨੇਜ਼ੁਏਲਾ ਖ਼ਿਲਾਫ਼ ਸੈਣਿਕ ਕਾਰਵਾਈ ਕਰਦਿਆਂ ਕੈਰੀਬੀਅਨ ਸਾਗਰ ਰਾਹੀਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਦੇ ਨਾਂ ’ਤੇ ਹਮਲਾ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੇਸ਼ ਅੰਦਰ ਦਾਖ਼ਲ ਹੋ ਰਹੇ ਨਸ਼ੇ ਦੇ ਜਾਲ ਨੂੰ ਤੋੜਨ ਲਈ ਜ਼ਰੂਰੀ ਸੀ।
ਟਰੰਪ ਵੱਲੋਂ ਮਾਦੁਰੋ ਨੂੰ ਪਹਿਲਾਂ ਹੀ ਦਿੱਤਾ ਗਿਆ ਸੀ ਅਲਟੀਮੇਟਮ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਮਲੇ ਤੋਂ ਪਹਿਲਾਂ ਹੀ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਛੱਡਣ ਦੀ ਸਿੱਧੀ ਚੇਤਾਵਨੀ ਦੇ ਚੁੱਕੇ ਸਨ। ਟਰੰਪ ਪ੍ਰਸ਼ਾਸਨ ਵੱਲੋਂ ਮਾਦੁਰੋ ਉੱਤੇ ਲੰਮੇ ਸਮੇਂ ਤੋਂ ਨਸ਼ਾ ਮਾਫੀਆ ਨਾਲ ਸਾਂਝ ਅਤੇ ਡਰੱਗ ਕਾਰਟੇਲ ਚਲਾਉਣ ਦੇ ਗੰਭੀਰ ਦੋਸ਼ ਲਗਾਏ ਜਾਂਦੇ ਰਹੇ ਹਨ।
ਸਤੰਬਰ ਤੋਂ ਤਿੰਨੋ ਪਾਸਿਆਂ ਤੋਂ ਘੇਰਾਬੰਦੀ
ਸਰਕਾਰੀ ਤੌਰ ’ਤੇ ਜੰਗ ਦਾ ਐਲਾਨ ਕੀਤੇ ਬਿਨਾਂ ਹੀ ਅਮਰੀਕਾ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਵੇਨੇਜ਼ੁਏਲਾ ਨੂੰ ਜਲ, ਥਲ ਅਤੇ ਹਵਾਈ ਮੋਰਚਿਆਂ ਤੋਂ ਘੇਰਿਆ ਜਾ ਰਿਹਾ ਸੀ। ਹਾਲਾਂਕਿ ਅਮਰੀਕਾ ਇਸਨੂੰ ਸਿਰਫ਼ ਫੌਜੀ ਅਭਿਆਸ ਦੱਸਦਾ ਰਿਹਾ, ਪਰ ਇਸ ਦੌਰਾਨ ਮਾਦੁਰੋ ਸਰਕਾਰ ਉੱਤੇ ਦਬਾਅ ਲਗਾਤਾਰ ਵਧਾਇਆ ਜਾਂਦਾ ਰਿਹਾ। ਇਸ ਘੇਰਾਬੰਦੀ ਨੇ ਲਾਤੀਨੀ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ।
ਵੇਨੇਜ਼ੁਏਲਾ ਦੇ ਹੱਕ ’ਚ ਉਤਰੇ ਕਈ ਦੇਸ਼
ਅਮਰੀਕੀ ਦਬਾਅ ਦੇ ਦਰਮਿਆਨ ਹੀ ਕਈ ਦੇਸ਼ ਖੁੱਲ੍ਹ ਕੇ ਵੇਨੇਜ਼ੁਏਲਾ ਦੇ ਪੱਖ ਵਿੱਚ ਆ ਖੜ੍ਹੇ ਹੋਏ। ਇਨ੍ਹਾਂ ਦੇਸ਼ਾਂ ਨੇ ਮਾਦੁਰੋ ਸਰਕਾਰ ਨੂੰ ਅਮਰੀਕੀ ਦਖ਼ਲਅੰਦਾਜ਼ੀ ਖ਼ਿਲਾਫ਼ ਸਿਆਸੀ ਅਤੇ ਰਣਨੀਤਕ ਸਮਰਥਨ ਦਿੱਤਾ, ਜਿਸ ਨਾਲ ਵਿਸ਼ਵ ਪੱਧਰ ’ਤੇ ਤਾਕਤਾਂ ਦੀ ਖਿੱਚ ਹੋਰ ਤੇਜ਼ ਹੋ ਗਈ।
ਰੂਸ ਦਾ ਖੁੱਲ੍ਹਾ ਸਮਰਥਨ, ਫੌਜੀ ਸਲਾਹਕਾਰ ਭੇਜੇ
ਇਸ ਜੰਗੀ ਸਥਿਤੀ ਤੋਂ ਥੋੜ੍ਹੇ ਸਮੇਂ ਪਹਿਲਾਂ, 11 ਦਸੰਬਰ ਨੂੰ ਰੂਸ ਨੇ ਨਿਕੋਲਸ ਮਾਦੁਰੋ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਰੂਸ ਵੱਲੋਂ ਵੇਨੇਜ਼ੁਏਲਾ ਵਿੱਚ ਮਿਜ਼ਾਈਲ ਪ੍ਰਣਾਲੀਆਂ, ਰਡਾਰ ਸਿਸਟਮ ਅਤੇ ਡਰੋਨ ਟ੍ਰੇਨਿੰਗ ਲਈ ਕਰੀਬ 120 ਫੌਜੀ ਸਲਾਹਕਾਰ ਭੇਜੇ ਗਏ ਸਨ, ਜਿਸ ਨਾਲ ਅਮਰੀਕਾ ਅਤੇ ਰੂਸ ਦੇ ਰਿਸ਼ਤਿਆਂ ’ਚ ਹੋਰ ਤਣਾਅ ਪੈਦਾ ਹੋ ਗਿਆ ਸੀ।
ਕੀ ਜੰਗ ਵਿੱਚ ਰੂਸ ਦੀ ਐਂਟਰੀ ਹੋਵੇਗੀ?
ਹੁਣ ਅਮਰੀਕੀ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਕੀ ਰੂਸ ਸਿੱਧੀ ਤਰ੍ਹਾਂ ਇਸ ਟਕਰਾਅ ਵਿੱਚ ਸ਼ਾਮਲ ਹੋਵੇਗਾ। ਵਿਸ਼ਵ ਭਰ ਦੀਆਂ ਨਜ਼ਰਾਂ ਹੁਣ ਵੇਨੇਜ਼ੁਏਲਾ ਦੇ ਅਗਲੇ ਕਦਮ ਅਤੇ ਰੂਸ ਦੀ ਅਧਿਕਾਰਿਕ ਸਥਿਤੀ ਉੱਤੇ ਟਿਕੀਆਂ ਹੋਈਆਂ ਹਨ।
ਲੰਬੀ ਜੰਗ ਜਾਂ ਵਿਸ਼ਵ ਯੁੱਧ ਦਾ ਖ਼ਤਰਾ
ਰਣਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਵੇਨੇਜ਼ੁਏਲਾ ਅਮਰੀਕਾ ਖ਼ਿਲਾਫ਼ ਜਵਾਬੀ ਕਾਰਵਾਈ ਕਰਦਾ ਹੈ ਤਾਂ ਇਹ ਟਕਰਾਅ ਲੰਬੇ ਸਮੇਂ ਤੱਕ ਖਿੱਚ ਸਕਦਾ ਹੈ, ਜਿਸਦਾ ਪ੍ਰਭਾਵ ਸਿਰਫ਼ ਲਾਤੀਨੀ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆਂ ’ਤੇ ਪਵੇਗਾ। ਦੂਜੇ ਪਾਸੇ, ਜੇ ਰੂਸ ਨੇ ਸਿੱਧਾ ਦਖ਼ਲ ਦਿੱਤਾ ਤਾਂ ਇਹ ਟਕਰਾਅ ਤੀਜੇ ਵਿਸ਼ਵ ਯੁੱਧ ਵੱਲ ਵੀ ਧੱਕ ਸਕਦਾ ਹੈ, ਜੋ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।

