ਅੰਮ੍ਰਿਤਸਰ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ. ਏ. ਸਤਿੰਦਰ ਸਿੰਘ ਕੋਹਲੀ ਦੀ ਦੇਰ ਰਾਤ ਅਦਾਲਤੀ ਪੇਸ਼ੀ ਦੌਰਾਨ ਅੰਮ੍ਰਿਤਸਰ ਪੁਲਸ ਅਤੇ ਮੀਡੀਆ ਵਿਚਾਲੇ ਤਣਾਅ ਪੈਦਾ ਹੋਇਆ।ਮੀਡੀਆ ਕਰਮੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਸੈਂਕੜੇ ਮੀਟਰ ਦੂਰ ਰੋਕ ਕੇ ਰੱਖਿਆ, ਜਿਸ ਕਾਰਨ ਪੇਸ਼ੀ ਨਾਲ ਜੁੜੀ ਸਹੀ ਅਤੇ ਤਸਦੀਕਸ਼ੁਦਾ ਜਾਣਕਾਰੀ ਨਹੀਂ ਮਿਲ ਸਕੀ। ਇਸ ਨਾਲ ਪੁਲਸ ਦੀ ਕਾਰਵਾਈ ’ਤੇ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ।
ਧੱਕਾ-ਮੁੱਕੀ ਅਤੇ ਜਾਣਕਾਰੀ ਤੋਂ ਇਨਕਾਰ ਦੇ ਦੋਸ਼
ਮੀਡੀਆ ਕਰਮੀਆਂ ਦਾ ਕਹਿਣਾ ਹੈ ਕਿ ਮੌਕੇ ’ਤੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਨਾ ਸਿਰਫ਼ ਸਵਾਲਾਂ ਤੋਂ ਕਿਨਾਰਾ ਕੀਤਾ, ਸਗੋਂ ਕੁਝ ਪੱਤਰਕਾਰਾਂ ਨਾਲ ਧੱਕਾ-ਮੁੱਕੀ ਵੀ ਹੋਈ। ਬਾਰ-ਬਾਰ ਸੰਪਰਕ ਕਰਨ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਅੰਮ੍ਰਿਤਸਰ ਮੀਡੀਆ ਵੱਲੋਂ ਪੁਲਸ ਕਵਰੇਜ ਦਾ ਬਾਈਕਾਟ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ਹੇਠ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਗਈ। ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਦ ਤੱਕ ਪੁਲਿਸ ਵੱਲੋਂ ਮੀਡੀਆ ਨਾਲ ਸਹਿਯੋਗੀ ਰਵੱਈਆ ਨਹੀਂ ਅਪਣਾਇਆ ਜਾਂਦਾ ਅਤੇ ਘਟਨਾਵਾਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਜਾਂਦੀ, ਅੰਮ੍ਰਿਤਸਰ ਦਾ ਮੀਡੀਆ, ਪੁਲਸ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਖ਼ਬਰ ਨਹੀਂ ਕਰੇਗਾ।
ਇੱਜ਼ਤ ਅਤੇ ਅਧਿਕਾਰਾਂ ’ਤੇ ਸਮਝੌਤਾ ਨਹੀਂ
ਮੀਡੀਆ ਕਰਮੀਆਂ ਨੇ ਸਪਸ਼ਟ ਕੀਤਾ ਕਿ ਉਹ ਆਪਣੀ ਪੇਸ਼ਾਵਰ ਇੱਜ਼ਤ ਅਤੇ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਨਤਾ ਤੱਕ ਸੱਚੀ ਅਤੇ ਸਹੀ ਜਾਣਕਾਰੀ ਪਹੁੰਚਾਉਣਾ ਮੀਡੀਆ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਉਹ ਇਕਜੁੱਟ ਹੋ ਕੇ ਖੜ੍ਹੇ ਰਹਿਣਗੇ।

