ਮੋਹਾਲੀ :- ਮੋਹਾਲੀ ਦੇ ਫੇਜ਼-5 ‘ਚ ਵਧੀਕ ਵਕੀਲ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ (66) ਦੇ ਕਤਲ ਮਾਮਲੇ ਨੇ ਨਵਾਂ ਮੋੜ ਲਿਆ ਹੈ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਸਨਸਨੀਖੇਜ਼ ਵਾਰਦਾਤ ਪਿੱਛੇ ਘਰ ਦਾ ਨੌਕਰ ਨੀਰਜ ਹੀ ਮੁੱਖ ਸਾਜ਼ਿਸ਼ਕਾਰ ਸੀ। ਹਾਲਾਂਕਿ ਕਤਲ ਨੂੰ ਅੰਜਾਮ ਦੇਣ ਵਾਲੇ ਉਸਦੇ ਦੋ ਸਾਥੀ ਹਾਲੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਨਕਦੀ ਤੇ ਗਹਿਣਿਆਂ ਦੀ ਲੁੱਟ ਕਰਕੇ ਫ਼ਰਾਰ
ਪੁਲਸ ਸੂਤਰਾਂ ਮੁਤਾਬਕ ਨੀਰਜ ਦੇ ਕਹਿਣ ‘ਤੇ ਉਸਦੇ ਦੋ ਸਾਥੀਆਂ ਨੇ ਅਸ਼ੋਕ ਗੋਇਲ ਦਾ ਕਤਲ ਕੀਤਾ ਅਤੇ ਘਰ ‘ਚੋਂ ਲਗਭਗ ਸਾਢੇ ਅੱਠ ਲੱਖ ਰੁਪਏ ਨਕਦ ਅਤੇ ਕਰੀਬ 40 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਆਟੋ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ ਅਤੇ ਟ੍ਰੇਨ ਰਾਹੀਂ ਕਿਸੇ ਹੋਰ ਰਾਜ ਵੱਲ ਰੁਖ ਕਰ ਗਏ।
8 ਸਾਲਾਂ ਤੋਂ ਕਰ ਰਿਹਾ ਸੀ ਘਰ ‘ਚ ਨੌਕਰੀ
ਨੀਰਜ ਪਿਛਲੇ ਅੱਠ ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ ਕੰਮ ਕਰਦਾ ਆ ਰਿਹਾ ਸੀ। 24 ਸਾਲਾ ਨੀਰਜ ਮੂਲ ਤੌਰ ‘ਤੇ ਉੱਤਰਾਖੰਡ ਦਾ ਰਹਿਣ ਵਾਲਾ ਹੈ। ਘਟਨਾ ਵੇਲੇ ਘਰ ਦੇ ਮਾਲਕ ਅਤੇ ਹੋਰ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਏ ਸਨ, ਜਿਸ ਕਾਰਨ ਘਰ ‘ਚ ਸਿਰਫ਼ ਮਹਿਲਾ ਹੀ ਮੌਜੂਦ ਸੀ।
ਭੇਤੀ ਹੋਣ ਦੇ ਸਪਸ਼ਟ ਇਸ਼ਾਰੇ
ਪੁਲਸ ਨੂੰ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਸੰਕੇਤ ਮਿਲ ਗਏ ਸਨ ਕਿ ਵਾਰਦਾਤ ਕਿਸੇ ਜਾਣ-ਪਛਾਣ ਵਾਲੇ ਨੇ ਹੀ ਕੀਤੀ ਹੈ। ਨਕਦੀ ਅਤੇ ਗਹਿਣਿਆਂ ਵਾਲੀ ਅਲਮਾਰੀ ਤੋਂ ਇਲਾਵਾ ਕਿਸੇ ਹੋਰ ਸਾਮਾਨ ਨੂੰ ਹੱਥ ਨਾ ਲਗਾਉਣਾ, ਦੇਰ ਰਾਤ ਕੁੰਡੀ ਖੁੱਲ੍ਹੀ ਹੋਣਾ ਅਤੇ ਮੁਲਜ਼ਮਾਂ ਦਾ ਘਰ ਦੇ ਅੰਦਰੂਨੀ ਬੰਦੋਬਸਤ ਨਾਲ ਵਾਕਿਫ਼ ਹੋਣਾ—ਇਹ ਸਾਰੇ ਇਸ਼ਾਰੇ ਨੌਕਰ ਵੱਲ ਹੀ ਜਾ ਰਹੇ ਸਨ।
ਫ਼ਰਾਰ ਮੁਲਜ਼ਮਾਂ ਦੀ ਖੋਜ ਲਈ ਤਿੰਨ ਰਾਜਾਂ ‘ਚ ਛਾਪੇ
ਪੁਲਸ ਨੂੰ ਨੀਰਜ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਉੱਚ ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਦਿੱਲੀ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਭੇਜੀਆਂ ਹਨ। ਪੁਖ਼ਤਾ ਸੂਚਨਾ ਹੈ ਕਿ ਦੋਵੇਂ ਫ਼ਰਾਰ ਮੁਲਜ਼ਮ ਇਨ੍ਹਾਂ ਰਾਜਾਂ ‘ਚ ਲੁਕ ਕੇ ਬੈਠੇ ਹੋ ਸਕਦੇ ਹਨ।
ਪੁਲਸ ਦਾ ਦਾਅਵਾ: ਜਲਦ ਹੋਣਗੇ ਵੱਡੇ ਖੁਲਾਸੇ
ਐੱਸ.ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਅਸ਼ੋਕ ਗੋਇਲ ਦੇ ਕਤਲ ਕੇਸ ਨੂੰ ਸੁਲਝਾ ਲਿਆ ਗਿਆ ਹੈ ਅਤੇ ਮੁੱਖ ਸਾਜ਼ਿਸ਼ਕਾਰ ਨੌਕਰ ਨੀਰਜ ਪੁਲਸ ਦੀ ਹਿਰਾਸਤ ‘ਚ ਹੈ। ਫ਼ਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਸ ਕਤਲ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।

