ਪਟਿਆਲਾ :- ਪਟਿਆਲਾ ਪੁਲਿਸ ਨੇ ਸੰਗਠਿਤ ਅਪਰਾਧਾਂ ਖ਼ਿਲਾਫ਼ ਚਲ ਰਹੀ ਸਖ਼ਤ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਇੱਕ ਖ਼ਤਰਨਾਕ ਗੈਂਗ ਨੂੰ ਬੇਨਕਾਬ ਕੀਤਾ ਹੈ। ਪੁਲਿਸ ਵੱਲੋਂ 9 ਮੈਂਬਰੀ ਗੈਂਗ ਵਿੱਚੋਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਤਲ, ਫਿਰੌਤੀ, ਟਾਰਗੇਟ ਕਿਲਿੰਗ ਅਤੇ ਗੈਂਗਵਾਰ ਵਰਗੀਆਂ ਗੰਭੀਰ ਵਾਰਦਾਤਾਂ ਦੀ ਯੋਜਨਾ ਬਣਾ ਰਹੇ ਸਨ।
ਨਾਕਾਬੰਦੀ ਦੌਰਾਨ ਗੁਪਤ ਸੂਚਨਾ ’ਤੇ ਹੋਈ ਕਾਰਵਾਈ
ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਆਈਪੀਐਸ ਅਤੇ ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਚਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ NIS ਚੌਂਕ ਪਟਿਆਲਾ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮੁਖ਼ਬਰੀ ਦੇ ਆਧਾਰ ’ਤੇ ਡਕਾਲਾ ਚੁੰਗੀ ਨੇੜੇ ਸਥਿਤ NIS ਦੇ ਖੰਡਰ ਕਵਾਟਰਾਂ ’ਚ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜੋ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਸਨ।
ਮੁਲਜ਼ਮਾਂ ਪਾਸੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ
ਪੁਲਿਸ ਅਨੁਸਾਰ ਗੁਰਪ੍ਰੀਤ ਦੰਗਲ ਪਾਸੋਂ 7 ਪਿਸਤੌਲ (.32 ਬੋਰ), ਡਿੰਪਲ ਕੋਸਲ ਪਾਸੋਂ 2 ਪਿਸਤੌਲ (.32 ਬੋਰ) ਅਤੇ ਧਰੁਵ ਪਾਸੋਂ ਇੱਕ ਵਿਦੇਸ਼ੀ ਪਿਸਤੌਲ PX5 (.30 ਬੋਰ) ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ 19 ਜਿੰਦਾ ਕਾਰਤੂਸ ਵੀ ਕਬਜ਼ੇ ਵਿੱਚ ਲਏ ਗਏ ਹਨ।
ਗੈਂਗ ਦਾ ਸਰਗਨਾ ਵਿਦੇਸ਼ ਵਿੱਚ ਲੁਕਿਆ ਹੋਇਆ
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗੈਂਗ ਦਾ ਮੁੱਖ ਸਰਗਨਾ ਬੋਬੀ ਮਾਹੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਫੱਜਲਪੁਰਾ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿੰਦਿਆਂ ਅਪਰਾਧਿਕ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਿਹਾ ਸੀ। ਉਸ ਵੱਲੋਂ ਕਤਲ ਅਤੇ ਫਿਰੌਤੀ ਵਰਗੀਆਂ ਵਾਰਦਾਤਾਂ ਲਈ ਪੂਰਾ ਗੈਂਗ ਤਿਆਰ ਕੀਤਾ ਗਿਆ ਸੀ।
ਪੁਰਾਣੇ ਕਤਲ ਮਾਮਲੇ ਨਾਲ ਵੀ ਜੁੜੇ ਹਨ ਮੁਲਜ਼ਮ
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ 6 ਮੁਲਜ਼ਮ 28 ਦਸੰਬਰ 2025 ਨੂੰ ਥਾਣਾ ਕੋਤਵਾਲੀ ਪਟਿਆਲਾ ਦੇ ਖੇਤਰ ਵਿੱਚ ਹੋਈ ਕਤਲ ਦੀ ਵਾਰਦਾਤ ਵਿੱਚ ਵੀ ਸ਼ਾਮਲ ਰਹੇ ਹਨ, ਜਿਸ ਸਬੰਧੀ ਕੇਸ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ
ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਗੁਰਪ੍ਰੀਤ ਦੰਗਲ ਵਾਸੀ ਗੋਪਾਲ ਕਲੋਨੀ, ਡਿੰਪਲ ਕੋਸਲ ਉਰਫ਼ ਡਿੰਪੀ ਵਾਸੀ ਨਿਊ ਮਹਿੰਦਰਾ ਕਲੋਨੀ, ਧਰੁਵ ਵਾਸੀ ਨਿਊ ਮਹਿੰਦਰਾ ਕਲੋਨੀ, ਪ੍ਰਥਮ ਉਰਫ਼ ਚਾਹਤ ਵਾਸੀ ਸੰਜੇ ਕਲੋਨੀ, ਸਚਿਨ ਗੁਪਤਾ ਵਾਸੀ ਪ੍ਰੇਮ ਕਲੋਨੀ, ਦੀਪਾਸ਼ ਉਰਫ਼ ਦੀਸੂ ਵਾਸੀ ਨਿਊ ਮਹਿੰਦਰਾ ਕਲੋਨੀ, ਹਸਨਪ੍ਰੀਤ ਸਿੰਘ ਉਰਫ਼ ਹੁਸਨ ਵਾਸੀ ਪਿੰਡ ਥੂਹਾ ਅਤੇ ਸ਼ੌਕਤ ਅਲੀ ਉਰਫ਼ ਵਾਸੀ ਡਾਲੀਮਾ ਵਿਹਾਰ ਰਾਜਪੁਰਾ ਸ਼ਾਮਲ ਹਨ।
ਫ਼ਰਾਰ ਸਰਗਨਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਰਾਰ ਸਰਗਨਾ ਬੋਬੀ ਮਾਹੀ ਅਤੇ ਗੈਂਗ ਨਾਲ ਜੁੜੇ ਹੋਰ ਅਪਰਾਧਿਕ ਤੱਤਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ।

