ਚੰਡੀਗੜ੍ਹ :- ਬਠਿੰਡਾ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਮਹਿਰੋਂ ਨੂੰ ਦੁਬਈ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਉਪਰੰਤ ਉਸਨੂੰ ਭਾਰਤ ਲਿਆਂਦੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਕਤਲ ਤੋਂ ਬਾਅਦ ਲੰਮੇ ਸਮੇਂ ਤੋਂ ਸੀ ਫ਼ਰਾਰ
ਜਾਂਚ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਕਈ ਮਹੀਨਿਆਂ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ। ਉਸਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਦਮ ਚੁੱਕੇ ਗਏ ਸਨ ਅਤੇ ਆਖ਼ਿਰਕਾਰ ਉਸਦਾ ਟਿਕਾਣਾ ਯੂ.ਏ.ਈ. ਵਿੱਚ ਟਰੇਸ ਹੋ ਗਿਆ।
9-10 ਜੂਨ ਦੀ ਰਾਤ ਵਾਪਰੀ ਸੀ ਹੱਦੋਂ ਵੱਧ ਸਨਸਨੀਖੇਜ਼ ਵਾਰਦਾਤ
ਪੁਲਿਸ ਰਿਕਾਰਡ ਮੁਤਾਬਕ 9 ਅਤੇ 10 ਜੂਨ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ ਮਿਲ ਕੇ ਲੁਧਿਆਣਾ ਦੀ ਰਹਿਣ ਵਾਲੀ ਡਿਜੀਟਲ ਕ੍ਰਿਏਟਰ ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਦੀ ਹੱਤਿਆ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਹ ਵਾਰਦਾਤ ਉਸ ਦੀਆਂ ਕੁਝ ਵਿਵਾਦਿਤ ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਅੰਜਾਮ ਦਿੱਤੀ ਗਈ।
ਲਾਸ਼ ਭੁੱਚੋ ਵਿੱਚ ਸੁੱਟ ਕੇ ਫ਼ਰਾਰ ਹੋ ਗਏ ਸੀ ਮੁਲਜ਼ਮ
ਕਤਲ ਮਗਰੋਂ ਮੁਲਜ਼ਮਾਂ ਨੇ ਕੰਚਨ ਦੀ ਦੇਹ ਨੂੰ ਬਠਿੰਡਾ ਦੇ ਭੁੱਚੋ ਖੇਤਰ ਵਿੱਚ ਸਥਿਤ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ 11 ਜੂਨ ਦੀ ਸ਼ਾਮ ਨੂੰ ਲਾਸ਼ ਬਰਾਮਦ ਕਰਕੇ ਜਾਂਚ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਅੰਮ੍ਰਿਤਪਾਲ ਮਹਿਰੋਂ ਉਸ ਵੇਲੇ ਤੋਂ ਫ਼ਰਾਰ ਚੱਲ ਰਿਹਾ ਸੀ।
ਅਦਾਲਤੀ ਕਾਰਵਾਈ ਜਾਰੀ, ਹੋਰ ਮੁਲਜ਼ਮਾਂ ਨੂੰ ਝਟਕਾ
ਬਠਿੰਡਾ ਦੀ ਸੈਸ਼ਨ ਅਦਾਲਤ ਵੱਲੋਂ 23 ਅਕਤੂਬਰ ਨੂੰ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਵੀ 17 ਅਕਤੂਬਰ ਨੂੰ ਖ਼ਾਰਜ ਹੋ ਚੁੱਕੀ ਹੈ।
ਇੰਟਰਪੋਲ ਦੀ ਮਦਦ ਨਾਲ ਟਰੇਸ ਹੋਇਆ ਮਹਿਰੋਂ
ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਰਾਹੀਂ ਵਿਸ਼ੇਸ਼ ਬੇਨਤੀ ਭੇਜੀ ਗਈ ਸੀ। ਇਸ ਕਾਰਵਾਈ ਦੇ ਨਤੀਜੇ ਵਜੋਂ ਉਸਦੀ ਦੁਬਈ ਵਿੱਚ ਆਰਜ਼ੀ ਗ੍ਰਿਫ਼ਤਾਰੀ ਸੰਭਵ ਹੋ ਸਕੀ।
ਜਲਦ ਭਾਰਤ ਲਿਆਂਦੇ ਜਾਣ ਦੀ ਉਮੀਦ
ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਸਾਰੇ ਕਾਨੂੰਨੀ ਅਤੇ ਕੂਟਨੀਤਿਕ ਪ੍ਰਕਿਰਿਆਵਾਂ ਪੂਰੀਆਂ ਹੋਣ ਮਗਰੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ, ਤਾਂ ਜੋ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਕੱਦਮੇ ਦਾ ਸਾਹਮਣਾ ਕਰਵਾਇਆ ਜਾ ਸਕੇ। ਇਸ ਗ੍ਰਿਫ਼ਤਾਰੀ ਨਾਲ ਮਾਮਲੇ ਦੀ ਜਾਂਚ ਨੂੰ ਨਵੀਂ ਦਿਸ਼ਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

