ਚੰਡੀਗੜ੍ਹ :- ਪੰਜਾਬ ਵਿੱਚ ਚੋਰੀ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਨੇ ਇੱਕ ਵਾਰ ਫਿਰ ਤੀਖਾ ਮੋੜ ਲਿਆ ਹੈ। ਇਸ ਸੰਵੇਦਨਸ਼ੀਲ ਕੇਸ ਵਿੱਚ ਜਾਂਚ ਏਜੰਸੀਆਂ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਸਤਿੰਦਰ ਸਿੰਘ ਕੋਹਲੀ ਨੂੰ ਗਿਰਫ਼ਤਾਰ ਕਰ ਲਿਆ ਹੈ।
ਐਸਜੀਪੀਸੀ ਨਾਲ ਜੁੜੀ ਰਹੀ ਭੂਮਿਕਾ
ਮਿਲੀ ਜਾਣਕਾਰੀ ਅਨੁਸਾਰ ਸਤਿੰਦਰ ਸਿੰਘ ਕੋਹਲੀ ਲੰਮੇ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਰਿਹਾ ਹੈ ਅਤੇ ਉਹ ਐਸਜੀਪੀਸੀ ਦੇ ਆਡਿਟ ਨਾਲ ਸਬੰਧਤ ਕੰਮ ਵੀ ਦੇਖਦਾ ਸੀ। 328 ਪਾਵਨ ਸਰੂਪ ਮਾਮਲੇ ਵਿੱਚ ਉਸ ਦਾ ਨਾਮ ਪਹਿਲਾਂ ਹੀ ਨਾਮਜ਼ਦ ਦੱਸਿਆ ਜਾ ਰਿਹਾ ਸੀ।
ਚਾਰਟਰਡ ਅਕਾਊਂਟੈਂਟ ਹੋਣ ਕਾਰਨ ਆਇਆ ਚਰਚਾ ਵਿੱਚ
ਸਤਿੰਦਰ ਸਿੰਘ ਕੋਹਲੀ ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਖਾਤਿਆਂ ਵਿੱਚ ਕਥਿਤ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਉਹ ਜਾਂਚ ਦੇ ਘੇਰੇ ਵਿੱਚ ਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਭੂਮਿਕਾ ’ਤੇ ਸਵਾਲ ਖੜੇ ਹੋਏ।
ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ
ਗਿਰਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਕੋਹਲੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਾਵਨ ਸਰੂਪਾਂ ਦੀ ਚੋਰੀ ਨਾਲ ਜੁੜੇ ਪੂਰੇ ਮਾਮਲੇ ਦੀਆਂ ਕੜੀਆਂ ਖੋਲ੍ਹੀਆਂ ਜਾ ਸਕਣ। ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਾਮਲਾ ਸਿਆਸੀ ਅਤੇ ਧਾਰਮਿਕ ਪੱਧਰ ’ਤੇ ਗੰਭੀਰ
328 ਪਾਵਨ ਸਰੂਪਾਂ ਨਾਲ ਜੁੜਿਆ ਇਹ ਕੇਸ ਪਹਿਲਾਂ ਹੀ ਸੂਬੇ ਵਿੱਚ ਵੱਡਾ ਸਿਆਸੀ ਤੇ ਧਾਰਮਿਕ ਮਸਲਾ ਬਣਿਆ ਹੋਇਆ ਹੈ। ਹੁਣ ਸਤਿੰਦਰ ਸਿੰਘ ਕੋਹਲੀ ਦੀ ਗਿਰਫ਼ਤਾਰੀ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਅਤੇ ਸਾਰਿਆਂ ਦੀ ਨਜ਼ਰ ਜਾਂਚ ਦੇ ਅਗਲੇ ਕਦਮਾਂ ’ਤੇ ਟਿਕੀ ਹੋਈ ਹੈ।

