ਚੰਡੀਗੜ੍ਹ :-:ਨਵੇਂ ਸਾਲ ਦੀਆਂ ਮੁਬਾਰਕਬਾਦਾਂ ਦੇ ਦਰਮਿਆਨ ਮੋਬਾਈਲ ਉਪਭੋਗਤਾਵਾਂ ਲਈ ਇੱਕ ਵੱਡਾ ਖ਼ਤਰਾ ਵੀ ਮੌਜੂਦ ਹੈ। ਜੇਕਰ ਕਿਸੇ ਅਣਜਾਣ ਨੰਬਰ ਜਾਂ ਸ਼ੱਕੀ ਲਿੰਕ ਵਾਲਾ ਨਵੇਂ ਸਾਲ ਦਾ ਸੁਨੇਹਾ ਤੁਹਾਡੇ ਫੋਨ ‘ਤੇ ਆਉਂਦਾ ਹੈ, ਤਾਂ ਬਿਨਾਂ ਸੋਚੇ ਸਮਝੇ ਉਸ ‘ਤੇ ਕਲਿੱਕ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ।
ਕਲਿੱਕ ਕਰਦੇ ਹੀ ਫੋਨ ਹੈਕ ਹੋਣ ਦਾ ਖ਼ਤਰਾ
ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਦੱਸਿਆ ਹੈ ਕਿ ਨਵੇਂ ਸਾਲ ਮੌਕੇ ਹੈਕਰ ਸਰਗਰਮ ਹੋ ਜਾਂਦੇ ਹਨ। ਇੱਕ ਗਲਤ ਕਲਿੱਕ ਨਾਲ ਮੋਬਾਈਲ ਫੋਨ ‘ਚ ਮਾਲਵੇਅਰ ਦਾਖ਼ਲ ਹੋ ਸਕਦਾ ਹੈ, ਜਿਸ ਰਾਹੀਂ ਹੈਕਰ ਬੈਂਕ ਖਾਤਿਆਂ, ਓਟੀਪੀ, ਨਿੱਜੀ ਤਸਵੀਰਾਂ ਅਤੇ ਮਹੱਤਵਪੂਰਨ ਡਾਟਾ ਤੱਕ ਪਹੁੰਚ ਹਾਸਲ ਕਰ ਸਕਦੇ ਹਨ।
ਮੁਬਾਰਕਬਾਦਾਂ ਦੇ ਹੜ੍ਹ ‘ਚ ਲੁਕਦੇ ਨੇ ਹੈਕਰਾਂ ਦੇ ਲਿੰਕ
ਸਾਈਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ, ਤਿਉਹਾਰਾਂ ਦੌਰਾਨ ਜਦੋਂ ਲੋਕਾਂ ਨੂੰ ਵੱਡੀ ਗਿਣਤੀ ‘ਚ ਵਧਾਈ ਸੁਨੇਹੇ ਮਿਲਦੇ ਹਨ, ਉਸ ਸਮੇਂ ਹੈਕਰ ਵੀ ਨਕਲੀ ਮੈਸੇਜ ਭੇਜਦੇ ਹਨ। ਬਹੁਤੇ ਲੋਕ ਜਲਦੀ ਵਿੱਚ ਹਰ ਸੁਨੇਹੇ ‘ਤੇ ਕਲਿੱਕ ਕਰ ਲੈਂਦੇ ਹਨ, ਜਿਸ ਦਾ ਫ਼ਾਇਦਾ ਠੱਗ ਉਠਾਉਂਦੇ ਹਨ।
ਫੋਟੋ ਜਾਂ ਫਾਇਲ ਡਾਊਨਲੋਡ ਕਰਨਾ ਵੀ ਬਣ ਸਕਦਾ ਹੈ ਮੁਸੀਬਤ
ਪੁਲਿਸ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਸਿਰਫ਼ ਲਿੰਕ ਹੀ ਨਹੀਂ, ਸਗੋਂ ਅਣਜਾਣ ਭੇਜਣ ਵਾਲਿਆਂ ਵੱਲੋਂ ਆਈਆਂ ਤਸਵੀਰਾਂ ਜਾਂ ਫਾਇਲਾਂ ਡਾਊਨਲੋਡ ਕਰਨਾ ਵੀ ਖ਼ਤਰਨਾਕ ਹੋ ਸਕਦਾ ਹੈ। ਇਹ ਫਾਇਲਾਂ ਫੋਨ ਨੂੰ ਪੂਰੀ ਤਰ੍ਹਾਂ ਹੈਕ ਕਰਨ ਦਾ ਸਾਧਨ ਬਣ ਸਕਦੀਆਂ ਹਨ।
ਤਿਉਹਾਰਾਂ ‘ਚ ਪਹਿਲਾਂ ਵੀ ਆ ਚੁੱਕੇ ਨੇ ਮਾਮਲੇ
ਲੁਧਿਆਣਾ ਸਾਈਬਰ ਸੈੱਲ ਦੇ ਅਨੁਸਾਰ, ਦੀਵਾਲੀ ਸਮੇਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ, ਜਿੱਥੇ ਲੋਕਾਂ ਦੇ ਮੋਬਾਈਲ ਫੋਨ ਹੈਕ ਹੋ ਗਏ ਅਤੇ ਬੈਂਕ ਖਾਤਿਆਂ ਤੋਂ ਪੈਸਾ ਕੱਢ ਲਿਆ ਗਿਆ। ਇਨ੍ਹਾਂ ਘਟਨਾਵਾਂ ਨੂੰ ਦੇਖਦਿਆਂ ਨਵੇਂ ਸਾਲ ਤੋਂ ਪਹਿਲਾਂ ਹੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ।
ਪੁਲਿਸ ਦੀ ਅਪੀਲ: ਸਾਵਧਾਨ ਰਹੋ, ਸੁਰੱਖਿਅਤ ਰਹੋ
ਪੰਜਾਬ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਪਛਾਤੇ ਸੁਨੇਹੇ, ਲਿੰਕ ਜਾਂ ਫਾਇਲ ‘ਤੇ ਬਿਨਾਂ ਤਸਦੀਕ ਕਲਿੱਕ ਨਾ ਕੀਤਾ ਜਾਵੇ। ਸਾਵਧਾਨੀ ਹੀ ਸਾਈਬਰ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।

