ਚੰਡੀਗੜ੍ਹ :- ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਪੁਲਸ ਲਈ ਇਕ ਅਹਿਮ ਐਲਾਨ ਸਾਹਮਣੇ ਆਇਆ ਹੈ। ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪੁਲਸ ਬਲ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਵੱਡੇ ਪੱਧਰ ‘ਤੇ ਭਰਤੀ ਦੀ ਯੋਜਨਾ ਤਿਆਰ ਕੀਤੀ ਹੈ।
10 ਹਜ਼ਾਰ ਤੋਂ ਵੱਧ ਕਾਂਸਟੇਬਲ ਭਰਤੀ ਕਰਨ ਦੀ ਤਿਆਰੀ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2026 ਦੌਰਾਨ ਪੁਲਸ ਵਿਭਾਗ ਵਿੱਚ 10 ਹਜ਼ਾਰ ਤੋਂ ਵੱਧ ਕਾਂਸਟੇਬਲ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਕਰੀਬ 1,600 ਐੱਸਆਈ ਅਤੇ ਏਐੱਸਆਈ ਦੇ ਅਹੁਦੇ ਵੀ ਭਰੇ ਜਾਣਗੇ, ਜਿਸ ਨਾਲ ਜ਼ਮੀਨੀ ਪੱਧਰ ‘ਤੇ ਪੁਲਸ ਦੀ ਮੌਜੂਦਗੀ ਮਜ਼ਬੂਤ ਹੋਵੇਗੀ।
ਵਿਜ਼ਨ 2026 ਹੇਠ ਤਕਨਾਲੋਜੀ ਤੇ ਬੁਨਿਆਦੀ ਢਾਂਚੇ ‘ਤੇ ਜ਼ੋਰ
ਡੀਜੀਪੀ ਨੇ ਪੰਜਾਬ ਪੁਲਸ ਲਈ ਤਕਨਾਲੋਜੀ ਆਧਾਰਿਤ ਵਿਜ਼ਨ 2026 ਦੀ ਰੂਪਰੇਖਾ ਵੀ ਸਾਂਝੀ ਕੀਤੀ। ਇਸ ਯੋਜਨਾ ਦਾ ਮਕਸਦ ਪੁਲਸ ਦੀ ਕਾਰਗੁਜ਼ਾਰੀ, ਤੁਰੰਤ ਪ੍ਰਤੀਕਿਰਿਆ ਅਤੇ ਜਨ ਸੁਰੱਖਿਆ ਨੂੰ ਨਵੇਂ ਦਰਜੇ ਤੱਕ ਲੈ ਕੇ ਜਾਣਾ ਹੈ।
ਡਾਇਲ 112 ਸਿਸਟਮ ਹੋਵੇਗਾ ਹੋਰ ਮਜ਼ਬੂਤ
ਐਮਰਜੈਂਸੀ ਸੇਵਾਵਾਂ ਨੂੰ ਸੁਧਾਰਨ ਲਈ ਮੋਹਾਲੀ ਵਿੱਚ 52 ਕਰੋੜ ਰੁਪਏ ਦੀ ਲਾਗਤ ਨਾਲ ਡਾਇਲ 112 ਦਾ ਅਧੁਨਿਕ ਸੈਂਟਰਲ ਕੰਟਰੋਲ ਰੂਮ ਬਣਾਇਆ ਜਾਵੇਗਾ। ਇਸ ਦੇ ਨਾਲ 50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਵਾਹਨ ਖਰੀਦੇ ਜਾਣਗੇ ਤਾਂ ਜੋ ਐਮਰਜੈਂਸੀ ਕਾਲਾਂ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇ।
ਜ਼ਿਲ੍ਹਾ ਕੰਟਰੋਲ ਰੂਮਾਂ ਦੀ ਅਪਗ੍ਰੇਡੇਸ਼ਨ
ਸੂਬੇ ਭਰ ਦੇ ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਅਧੁਨਿਕ ਬਣਾਉਣ ਲਈ 25 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦਰਮਿਆਨ ਤਾਲਮੇਲ ਹੋਰ ਮਜ਼ਬੂਤ ਹੋਵੇਗਾ।
ਸਰਹੱਦੀ ਖੇਤਰਾਂ ‘ਚ ਸੀਸੀਟੀਵੀ ਨਿਗਰਾਨੀ ਵਧੇਗੀ
ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀਆਂ 585 ਥਾਵਾਂ ‘ਤੇ 2,367 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਹੈ, ਜਿਸ ‘ਤੇ ਲਗਭਗ 49.58 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਤਸਕਰੀ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ।
ਐਂਟੀ ਡਰੋਨ ਸਿਸਟਮ ਨੂੰ ਮਿਲੇਗੀ ਤਾਕਤ
ਡਰੋਨ ਰਾਹੀਂ ਹੋ ਰਹੀ ਨਸ਼ਾ ਅਤੇ ਹਥਿਆਰ ਤਸਕਰੀ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਦੀ ਗਿਣਤੀ ਵਧਾਈ ਜਾ ਰਹੀ ਹੈ। ਮੌਜੂਦਾ ਤਿੰਨ ਪ੍ਰਣਾਲੀਆਂ ਨੂੰ ਪਹਿਲੇ ਪੜਾਅ ‘ਚ ਛੇ ਤੱਕ ਕੀਤਾ ਜਾਵੇਗਾ, ਜਦਕਿ ਅਗਲੇ ਸਮੇਂ ਵਿੱਚ ਹੋਰ ਦਸ ਸਿਸਟਮ ਸ਼ਾਮਲ ਕਰਨ ਦੀ ਯੋਜਨਾ ਹੈ।

