ਫਰੀਦਾਬਾਦ :- ਗੁਰੂਗ੍ਰਾਮ ਸੜਕ ‘ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਿਫ਼ਟ ਲੈਣ ਗਈ ਇਕ ਔਰਤ ਨਾਲ ਕਾਰ ਵਿੱਚ ਸਮੂਹਿਕ ਜਨਾਹੀ ਹਮਲਾ ਕੀਤਾ ਗਿਆ। ਦੋਸ਼ ਹੈ ਕਿ ਦੋ ਨੌਜਵਾਨਾਂ ਨੇ ਉਸਨੂੰ ਕਾਰ ਵਿੱਚ ਬੈਠਾ ਕੇ ਲਗਭਗ ਦੋ ਘੰਟੇ ਤੱਕ ਘੁਮਾਇਆ ਅਤੇ ਬਾਅਦ ਵਿੱਚ ਜ਼ਖ਼ਮੀ ਹਾਲਤ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪਰਿਵਾਰ ਨਾਲ ਹੋਈ ਆਖ਼ਰੀ ਗੱਲਬਾਤ
ਪੀੜਤ ਦੀ ਭੈਣ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ, ਘਟਨਾ ਵਾਲੀ ਰਾਤ ਕਰੀਬ ਸਾਢੇ ਅੱਠ ਵਜੇ ਉਸਦੀ ਭੈਣ ਦਾ ਫ਼ੋਨ ਆਇਆ ਸੀ। ਉਸਨੇ ਦੱਸਿਆ ਕਿ ਘਰੇਲੂ ਤਕਰਾਰ ਤੋਂ ਬਾਅਦ ਉਹ ਇਕ ਸਹੇਲੀ ਕੋਲ ਜਾ ਰਹੀ ਹੈ ਅਤੇ ਕੁਝ ਘੰਟਿਆਂ ਵਿੱਚ ਵਾਪਸ ਮੁੜ ਆਵੇਗੀ। ਇਸ ਤੋਂ ਬਾਅਦ ਸੰਪਰਕ ਟੁੱਟ ਗਿਆ।
ਸੜਕ ‘ਤੇ ਉਡੀਕ, ਵੈਨ ‘ਚ ਬੈਠਾਉਣ ਮਗਰੋਂ ਅਪਰਾਧ
ਅੱਧੀ ਰਾਤ ਦੇ ਕਰੀਬ ਪੀੜਤਾ ਸਵਾਰੀ ਦੀ ਤਲਾਸ਼ ਵਿੱਚ ਖੜੀ ਸੀ, ਜਦੋਂ ਇਕ ਈਕੋ ਵੈਨ ਉਸ ਕੋਲ ਆ ਕੇ ਰੁਕੀ। ਵੈਨ ਵਿੱਚ ਮੌਜੂਦ ਦੋ ਵਿਅਕਤੀਆਂ ਨੇ ਉਸਨੂੰ ਮੰਜ਼ਿਲ ਤੱਕ ਛੱਡਣ ਦਾ ਭਰੋਸਾ ਦਿੱਤਾ, ਪਰ ਕੁਝ ਦੂਰੀ ‘ਤੇ ਜਾ ਕੇ ਗੱਡੀ ਗੁਰੂਗ੍ਰਾਮ ਵੱਲ ਮੋੜ ਲਈ। ਦੋਸ਼ ਹੈ ਕਿ ਇਸ ਦੌਰਾਨ ਇਕ ਵਿਅਕਤੀ ਵਾਹਨ ਚਲਾਉਂਦਾ ਰਿਹਾ, ਜਦਕਿ ਦੂਜੇ ਨੇ ਜਨਾਹੀ ਜ਼ਿਆਦਤੀ ਕੀਤੀ।
ਦੋ ਘੰਟੇ ਤੱਕ ਦਹਿਸ਼ਤ, ਫਿਰ ਜ਼ਖ਼ਮੀ ਹਾਲਤ ‘ਚ ਸੁੱਟਿਆ
ਮੁਲਜ਼ਮਾਂ ਨੇ ਵੈਨ ਨੂੰ ਲੰਮੇ ਸਮੇਂ ਤੱਕ ਘੁਮਾਉਂਦੇ ਰਹੇ। ਪੀੜਤਾ ਵੱਲੋਂ ਵਿਰੋਧ ਦੇ ਬਾਵਜੂਦ ਉਹ ਬਚ ਨਾ ਸਕੀ। ਸਵੇਰੇ ਤਕਰੀਬਨ ਤਿੰਨ ਵਜੇ ਦੇ ਕਰੀਬ ਉਸਨੂੰ ਐਸਜੀਐਮ ਨਗਰ ਇਲਾਕੇ ਨੇੜੇ ਚੱਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ। ਡਿੱਗਣ ਕਾਰਨ ਉਸਦੇ ਸਿਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਆਈਆਂ।
ਹਸਪਤਾਲੀ ਇਲਾਜ, ਏਮਜ਼ ਦਿੱਲੀ ਰੈਫ਼ਰ
ਘਟਨਾ ਮਗਰੋਂ ਪੀੜਤਾ ਨੇ ਕਿਸੇ ਤਰ੍ਹਾਂ ਆਪਣੀ ਭੈਣ ਨਾਲ ਸੰਪਰਕ ਕੀਤਾ। ਪਰਿਵਾਰ ਮੌਕੇ ‘ਤੇ ਪਹੁੰਚਿਆ, ਜਿੱਥੋਂ ਉਸਨੂੰ ਪਹਿਲਾਂ ਫਰੀਦਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜ਼ਖ਼ਮ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਏਮਜ਼, ਦਿੱਲੀ ਭੇਜ ਦਿੱਤਾ, ਜਿੱਥੇ ਉਸਦਾ ਇਲਾਜ ਜਾਰੀ ਹੈ।
ਪੁਲਿਸ ਦੀ ਤੁਰੰਤ ਕਾਰਵਾਈ, ਦੋਸ਼ੀ ਗ੍ਰਿਫ਼ਤਾਰ
ਪੁਲਿਸ ਬੁਲਾਰੇ ਯਸ਼ਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ‘ਤੇ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਦੌਰਾਨ ਦੋਵੇਂ ਦੋਸ਼ੀਆਂ ਨੂੰ ਵਾਹਨ ਸਮੇਤ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

