ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੇ ਫਿਰ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਪਿੰਡ ਬਲਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਜੰਝ ਘਰ ਦੇ ਅੰਦਰ ਅਚਾਨਕ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਵਾਕਏ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਹੈ।
ਮ੍ਰਿਤਕ ਦੀ ਪਛਾਣ, ਜ਼ਖ਼ਮੀ ਹਸਪਤਾਲ ’ਚ ਦਾਖ਼ਲ
ਗੋਲੀ ਲੱਗਣ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ (ਉਮਰ ਕਰੀਬ 22 ਸਾਲ) ਵਜੋਂ ਹੋਈ ਹੈ। ਦੂਜੇ ਨੌਜਵਾਨ ਨੂੰ ਲੱਤ ਵਿੱਚ ਗੋਲੀ ਲੱਗੀ, ਜਿਸਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਤਕਰਾਰ ਤੋਂ ਬਾਅਦ ਚੱਲੀਆਂ ਗੋਲੀਆਂ
ਜ਼ਖ਼ਮੀ ਨੌਜਵਾਨ ਦੇ ਬਿਆਨ ਅਨੁਸਾਰ, ਉਹ ਆਪਣੇ ਦੋਸਤਾਂ ਨਾਲ ਜੰਝ ਘਰ ਵਿੱਚ ਮੌਜੂਦ ਸੀ। ਗੱਲਬਾਤ ਦੌਰਾਨ ਅਚਾਨਕ ਤਕਰਾਰ ਵਧ ਗਈ ਅਤੇ ਕੁਝ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੋ ਤੋਂ ਤਿੰਨ ਗੋਲੀਆਂ ਚੱਲੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ, ਜਦਕਿ ਸਿਮਰਨਜੀਤ ਸਿੰਘ ਦੀ ਛਾਤੀ ਵਿੱਚ ਲੱਗੀ ਗੋਲੀ ਮੌਤ ਦਾ ਕਾਰਨ ਬਣੀ।
ਪੁਰਾਣੀ ਰੰਜਿਸ਼ ਨੇ ਲਿਆ ਖੂਨੀ ਰੂਪ
ਜ਼ਖ਼ਮੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫ਼ੋਨ ’ਤੇ ਮਾਮੂਲੀ ਤਕਰਾਰ ਹੋਈ ਸੀ, ਪਰ ਕਿਸੇ ਵੱਡੀ ਰੰਜਿਸ਼ ਦੀ ਗੱਲ ਨਹੀਂ ਸੀ। ਹਾਲਾਂਕਿ, ਇਹ ਛੋਟਾ ਜਿਹਾ ਵਿਵਾਦ ਅਚਾਨਕ ਭੜਕ ਉੱਠਿਆ ਅਤੇ ਖੂਨੀ ਰੂਪ ਧਾਰ ਗਿਆ।
ਪੁਲਿਸ ਨੇ ਜਾਂਚ ਸੰਭਾਲੀ, ਮੁਲਜ਼ਮਾਂ ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਮੁਤਾਬਕ, ਗੋਲੀਬਾਰੀ ਜੰਝ ਘਰ ਦੇ ਕੋਲ ਵਾਪਰੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੰਜ-ਛੇ ਦਿਨ ਪਹਿਲਾਂ ਦੋਨਾਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਹ ਵਾਕਿਆ ਵਾਪਰਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਪਿੰਡ ’ਚ ਤਣਾਅ, ਪੁਲਿਸ ਤਾਇਨਾਤ
ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਕੇਸ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

