ਅੰਮ੍ਰਿਤਸਰ :- ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਅੱਜ ਇਕ ਵੱਡਾ ਮੋੜ ਆ ਗਿਆ ਹੈ। ਸ਼੍ਰੀ ਅਕਾਲ ਤਖ਼ਤ ਨਾਲ ਸੰਬੰਧਤ ਕਮੇਟੀ ਵੱਲੋਂ ਸ਼ਰੋਮਣੀ ਅਕਾਲੀ ਦਲ (ਐਸ.ਏ.ਡੀ.) ਵਿੱਚੋਂ ਵੱਖ ਹੋ ਕੇ ਇਕ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਵੇਂ ਗਠਿਤ ਧੜੇ ਦੀ ਕਮਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ ਵਿੱਚ ਸੌਂਪੀ ਗਈ ਹੈ। ਉਨ੍ਹਾਂ ਨੂੰ ਨਵੀਂ ਪੰਥਕ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ।
ਇਸੇ ਮੌਕੇ ‘ਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਸ਼੍ਰੀ ਅਕਾਲ ਤਖ਼ਤ ਨੇ ਬਾਗ਼ੀ ਗੁੱਟਾਂ ਨਾਲ ਮਿਲ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਗੁਰਦੁਆਰੇ ਵਿਖੇ ਪੰਥਕ ਇਕੱਠ ਕਰਵਾਇਆ ਸੀ। ਇਸ ਇਕੱਠ ਦੌਰਾਨ ਮੈਂਬਰਸ਼ਿਪ ਅਭਿਆਨ ਪੂਰਾ ਹੋਣ ਤੋਂ ਬਾਅਦ ਨਵੇਂ ਪ੍ਰਧਾਨ ਅਤੇ ਚੇਅਰਪਰਸਨ ਦੇ ਨਾਮਾਂ ਦੀ ਘੋਸ਼ਣਾ ਕੀਤੀ ਗਈ।
ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਬਨਣ ਦੇ ਆਸਾਰ
ਸਰੋਤਾਂ ਮੁਤਾਬਕ, ਗਿਆਨੀ ਹਰਪ੍ਰੀਤ ਸਿੰਘ ਨੂੰ ਨਵੀਂ ਪੰਥਕ ਪਾਰਟੀ ਦੀ ਸੂਬਾਈ ਕਮਾਨ ਦੇਣ ਨਾਲ ਸ਼ਿਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਰਾਜਨੀਤਿਕ ਮੁਸ਼ਕਲਾਂ ਵੱਧ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਨਵਾਂ ਧੜਾ ਅਕਾਲੀ ਦਲ ਦੇ ਸੰਵਿਧਾਨ ਨੂੰ ਹੀ ਅਪਣਾਉਂਦੇ ਹੋਏ ਚੋਣ ਕਮਿਸ਼ਨ ਅੱਗੇ ਆਪਣੇ ਆਪ ਨੂੰ “ਅਸਲ” ਸ਼ਿਰੋਮਣੀ ਅਕਾਲੀ ਦਲ ਵਜੋਂ ਪੇਸ਼ ਕਰਨ ਦੀ ਯੋਜਨਾ ‘ਚ ਹੈ, ਜਿਸ ਨਾਲ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਨੂੰ ਸਿੱਧੀ ਚੁਣੌਤੀ ਮਿਲੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਬਿਆਨ
ਦੂਜੇ ਪਾਸੇ, ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦਾ ਕਹਿਣਾ ਹੈ ਕਿ ਧਰਮ ਨੂੰ ਸਿੱਧਾ ਰਾਜਨੀਤਿਕ ਮੁਕਾਬਲੇ ਨਾਲ ਜੋੜਨਾ ਸੰਵਿਧਾਨੀ ਨਿਯਮਾਂ ਦੇ ਖ਼ਿਲਾਫ਼ ਹੋਵੇਗਾ ਅਤੇ ਇਸ ਕਾਰਨ ਪਾਰਟੀ ਦੀ ਸਰਕਾਰੀ ਮਾਨਤਾ ‘ਤੇ ਵੀ ਖ਼ਤਰਾ ਆ ਸਕਦਾ ਹੈ।
ਇਹ ਨਵੀਂ ਬਣੀ ਪਾਰਟੀ ਦੇ ਆਉਣ ਨਾਲ ਨਾ ਸਿਰਫ਼ ਅਕਾਲੀ ਦਲ ਦੇ ਅੰਦਰੂਨੀ ਹਾਲਾਤਾਂ ‘ਚ ਉਥਲ-ਪੁਥਲ ਹੋਵੇਗੀ, ਸਗੋਂ ਪੰਜਾਬ ਦੀ ਪੰਥਕ ਅਤੇ ਰਾਜਨੀਤਿਕ ਤਸਵੀਰ ਵਿੱਚ ਵੀ ਵੱਡੇ ਬਦਲਾਵਾਂ ਦੇ ਸੰਕੇਤ ਮਿਲ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸੁਖਬੀਰ ਬਾਦਲ ਇਸ ਨਵੀਂ ਚੁਣੌਤੀ ਦਾ ਜਵਾਬ ਕਿਵੇਂ ਦੇਂਦੇ ਹਨ ਅਤੇ ਪੰਥਕ ਵੋਟਰ ਇਸ ਤਬਦੀਲੀ ਨੂੰ ਕਿਵੇਂ ਲੈਂਦੇ ਹਨ।