ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਰੀ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ‘ਚ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਚੌਂਕਾਉਣ ਵਾਲੇ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਪੰਥਕ ਜੱਥੇਬੰਦੀਆਂ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਸਰਕਾਰ ਤੱਕ ਇਹ ਮੰਗ ਪਹੁੰਚਾਈ ਗਈ ਕਿ ਗੁੰਮ ਹੋਏ ਸਰੂਪਾਂ ਦੀ ਸਥਿਤੀ ਸਪੱਸ਼ਟ ਕਰਨ ਲਈ ਗੰਭੀਰ ਜਾਂਚ ਕਰਵਾਈ ਜਾਵੇ।
ਸੰਤ ਸਮਾਜ ਦੀ ਮੰਗ ਤੋਂ ਬਾਅਦ ਬਣਾਈ ਗਈ SIT
ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਤ ਸਮਾਜ ਨਾਲ ਜੁੜੀਆਂ ਕਈ ਜੱਥੇਬੰਦੀਆਂ ਵੱਲੋਂ ਇਕੱਠ ਕਰਕੇ ਸਰਕਾਰ ਨੂੰ ਲਿਖਤੀ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਰੂਪਾਂ ਦੀ ਗੁੰਮਸ਼ੁਦਗੀ ਲਈ ਜ਼ਿੰਮੇਵਾਰ ਕੌਣ ਹਨ।
SGPC ਦੇ ਬਿਆਨਾਂ ‘ਤੇ ਉਲਝਣ
ਭਗਵੰਤ ਮਾਨ ਨੇ ਕਿਹਾ ਕਿ ਜਾਂਚ ਸ਼ੁਰੂ ਹੋਣ ਤੋਂ ਬਾਅਦ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸਾਂ ਕਰਕੇ ਇਸ ਮਾਮਲੇ ਨੂੰ ਵਿੱਤੀ ਘਪਲੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਭਾਵ ਪੈਦਾ ਹੁੰਦਾ ਹੈ ਕਿ ਕਮੇਟੀ ਸਰੂਪਾਂ ਦੀ ਚੋਰੀ ਵਾਲੇ ਮੁੱਦੇ ਤੋਂ ਪੱਲਾ ਛੱਡ ਰਹੀ ਹੈ।
ਸੰਗਤ ‘ਚ ਪੈਦਾ ਹੋਏ ਸ਼ੰਕੇ
ਮੁੱਖ ਮੰਤਰੀ ਨੇ ਕਿਹਾ ਕਿ SGPC ਦੇ ਵੱਖ-ਵੱਖ ਬਿਆਨਾਂ ਕਾਰਨ ਸੰਗਤ ਵਿੱਚ ਕਈ ਤਰ੍ਹਾਂ ਦੇ ਸੰਦੇਹ ਜਨਮ ਲੈ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮਤੇ ਮੌਜੂਦ ਹਨ, ਜਿਨ੍ਹਾਂ ‘ਚ ਮੰਨਿਆ ਗਿਆ ਹੈ ਕਿ ਸਰੂਪਾਂ ਦੀ ਗਿਣਤੀ ਘੱਟੀ ਹੈ। ਪਹਿਲਾਂ ਇਨ੍ਹਾਂ ਦੀ ਬਰਾਮਦਗੀ ਲਈ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਗਈ, ਪਰ ਬਾਅਦ ਵਿੱਚ ਉਹ ਮਤੇ ਹੀ ਰੱਦ ਕਰ ਦਿੱਤੇ ਗਏ।
ਰਿਕਾਰਡ ਨਾਲ ਛੇੜਛਾੜ ਦੇ ਇਲਜ਼ਾਮ
ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਿਕਾਰਡ ਨਾਲ ਵਾਰ-ਵਾਰ ਛੇੜਛਾੜ ਹੋਈ ਹੈ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਡਰ ਦੇ ਮਾਹੌਲ ‘ਚ ਕੀਤਾ ਗਿਆ, ਕਿਉਂਕਿ ਜਾਂਚ ਅੱਗੇ ਵਧਣ ਨਾਲ ਕਈ ਰਾਜ ਖੁੱਲ੍ਹਣ ਦੀ ਸੰਭਾਵਨਾ ਹੈ।
ਚਾਰਟਰਡ ਅਕਾਊਂਟੈਂਟ ਦੀ ਭੂਮਿਕਾ ‘ਤੇ ਸਵਾਲ
ਮੁੱਖ ਮੰਤਰੀ ਨੇ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟੈਂਟ ਵਜੋਂ ਭੂਮਿਕਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਕੋਹਲੀ ਨੂੰ SGPC ਵੱਲੋਂ ਕਰੋੜਾਂ ਰੁਪਏ ਦੀ ਤਨਖ਼ਾਹ ਦਿੱਤੀ ਗਈ ਅਤੇ ਉਹ ਹੋਰ ਰਾਜਨੀਤਿਕ ਆਗੂਆਂ ਦੇ ਕੰਮ ਵੀ ਸੰਭਾਲਦਾ ਰਿਹਾ ਹੈ, ਜਿਸ ਨਾਲ ਹਿਤਾਂ ਦੇ ਟਕਰਾਅ ਦੀ ਸ਼ੰਕਾ ਪੈਦਾ ਹੁੰਦੀ ਹੈ।
SIT ਤੋਂ ਡਰ ਦਾ ਦਾਅਵਾ
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਪਹਿਲਾਂ ਜਾਂਚ ਲਈ ਤਿਆਰ ਸਨ, ਉਹੀ ਹੁਣ ਪਿੱਛੇ ਹਟ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ SIT ਦੀ ਪੁੱਛਗਿੱਛ ਦੌਰਾਨ “ਕੱਚੇ ਚਿੱਠੇ” ਖੁੱਲ੍ਹਣ ਦੇ ਡਰ ਕਾਰਨ ਕੁਝ ਲੋਕਾਂ ਵਿੱਚ ਘਬਰਾਹਟ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ SGPC ਦੇ ਪ੍ਰਧਾਨ ਨੂੰ ਵੀ ਕਠਪੁਤਲੀ ਵਾਂਗ ਚਲਾਇਆ ਜਾ ਰਿਹਾ ਹੈ।
ਸਰਕਾਰ ਦਾ ਰੁਖ
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਸੱਚ ਸਾਹਮਣੇ ਲਿਆਉਣ ਲਈ ਜਾਂਚ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ, ਭਾਵੇਂ ਦੋਸ਼ੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।

