ਨਵੀਂ ਦਿੱਲੀ :- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸਵੇਰੇ ਲਗਭਗ 9 ਵਜੇ ਨੰਗੇ ਪੈਰੀ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਜੋੜਾ ਘਰ ਵਿੱਚ ਸੇਵਾ
ਅਰਦਾਸ ਤੋਂ ਬਾਅਦ, ਮੰਤਰੀ ਬੈਂਸ ਨੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਜੋੜਾ ਘਰ ਵਿੱਚ ਜੋੜੇ ਝਾੜਨ ਦੀ ਸੇਵਾ ਕੀਤੀ। ਇਹ ਸੇਵਾ ਉਨ੍ਹਾਂ ਵੱਲੋਂ ਦੂਜੇ ਦਿਨ ਨਿਭਾਈ ਗਈ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਧਾਰਮਿਕ ਸੇਵਾ ਕਰ ਚੁੱਕੇ ਹਨ।
ਧਾਰਮਿਕ ਸੇਵਾ ਕਰਨ ਦੇ ਹੁਕਮ
ਜੰਮੂ-ਕਸ਼ਮੀਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਇੱਕ ਪ੍ਰੋਗਰਾਮ ਵਿੱਚ ਹੋਈ ਘਟਨਾ ਦੇ ਮੱਦੇਨਜ਼ਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੰਤਰੀ ਹਰਜੋਤ ਬੈਂਸ ਨੂੰ ਧਾਰਮਿਕ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਸਨ। ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪੈਦਲ ਜਾਣ, ਰਸਤੇ ਵਿੱਚ ਆਉਂਦੇ ਬਾਜ਼ਾਰਾਂ ਅਤੇ ਗਲੀਆਂ ਦੀ ਸਫਾਈ ਯਕੀਨੀ ਬਣਾਉਣ, ਅਤੇ ਹੋਰ ਵਿਕਾਸ ਕਾਰਜ ਕਰਨ ਲਈ ਕਿਹਾ ਸੀ।
ਹੋਰ ਧਾਰਮਿਕ ਅਸਥਾਨਾਂ ’ਤੇ ਵੀ ਸੇਵਾ
ਉਨ੍ਹਾਂ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਵਾਲੇ ਗੁਰਦੁਆਰਾ ਕੋਠਾ ਸਾਹਿਬ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੱਕ ਵੀ ਪੈਦਲ ਜਾਣ ਅਤੇ ਉੱਥੇ ਮੁਰੰਮਤ ਅਤੇ ਸਫਾਈ ਦੇ ਕੰਮ ਕਰਵਾਉਣ ਦੀ ਹਦਾਇਤ ਕੀਤੀ ਗਈ ਸੀ। ਇਸਦੇ ਨਾਲ ਹੀ, 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਨ ਲਈ ਵੀ ਕਿਹਾ ਗਿਆ ਸੀ।