ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਪੰਥਕ ਤੇ ਧਾਰਮਿਕ ਮਸਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕਰਦਿਆਂ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਜਥੇਦਾਰ ਨੇ ਪ੍ਰੈਸ ਕਾਨਫਰੰਸ ਕਰਕੇ ਫ਼ੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਮੈਰਿਜ ਪੈਲਸਾਂ ’ਚ ਅਨੰਦ ਕਾਰਜ ’ਤੇ ਪੂਰਨ ਰੋਕ
ਇਕੱਤਰਤਾ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਨੰਦ ਕਾਰਜ ਸਮਾਗਮ ਸਿਰਫ਼ ਗੁਰਦੁਆਰਿਆਂ ਵਿੱਚ ਹੀ ਕਰਵਾਏ ਜਾਣਗੇ। ਮੈਰਿਜ ਪੈਲਸਾਂ, ਫ਼ਾਰਮ ਹਾਊਸਾਂ, ਹੋਟਲਾਂ, ਪਾਰਕਾਂ ਜਾਂ ਹੋਰ ਵਪਾਰਕ ਥਾਵਾਂ ’ਤੇ ਅਨੰਦ ਕਾਰਜ ਕਰਵਾਉਣ ਨੂੰ ਸਿੱਖ ਮਰਿਆਦਾ ਦੇ ਉਲਟ ਕਰਾਰ ਦਿੰਦਿਆਂ ਪੂਰੀ ਤਰ੍ਹਾਂ ਮਨਾਹੀ ਕਰ ਦਿੱਤੀ ਗਈ ਹੈ। ਅਜਿਹੇ ਮਾਮਲਿਆਂ ਵਿੱਚ ਮੈਰਿਜ ਪੈਲਸ ਮਾਲਕਾਂ ਦੇ ਨਾਲ ਨਾਲ ਗ੍ਰੰਥੀ ਸਿੰਘਾਂ ਅਤੇ ਰਾਗੀ ਜਥਿਆਂ ਖ਼ਿਲਾਫ਼ ਵੀ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਧਾਰਮਿਕ ਮਸਲਿਆਂ ’ਤੇ ਏਆਈ ਦੀ ਵਰਤੋਂ ਨਾਜਾਇਜ਼ ਕਰਾਰ
ਪੰਜ ਸਿੰਘ ਸਾਹਿਬਾਨ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀਆਂ ਵੀਡੀਓਜ਼, ਨਕਲੀ ਫ਼ਿਲਮਾਂ ਅਤੇ ਐਨੀਮੇਸ਼ਨ ਸਮੱਗਰੀ ’ਤੇ ਵੀ ਗਹਿਰਾਈ ਨਾਲ ਚਰਚਾ ਕੀਤੀ। ਫ਼ੈਸਲਾ ਲਿਆ ਗਿਆ ਕਿ ਗੁਰੂ ਸਾਹਿਬਾਨ, ਸ਼ਹੀਦ ਸਿੰਘਾਂ ਜਾਂ ਧਾਰਮਿਕ ਵਿਸ਼ਿਆਂ ਨਾਲ ਜੁੜੀ ਕੋਈ ਵੀ ਏਆਈ ਅਧਾਰਤ ਜਾਂ ਐਨੀਮੇਸ਼ਨ ਫ਼ਿਲਮ ਤਿਆਰ ਕਰਨਾ ਸਿੱਖ ਪਰੰਪਰਾਵਾਂ ਦੇ ਖ਼ਿਲਾਫ਼ ਹੈ। ਅਜਿਹੀ ਸਮੱਗਰੀ ਬਣਾਉਣ ਜਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਪੰਥਕ ਕਾਰਵਾਈ ਕੀਤੀ ਜਾਵੇਗੀ।
1328 ਪਾਵਨ ਸਰੂਪ ਮਾਮਲਾ: ਰਾਜਨੀਤੀ ਤੋਂ ਦੂਰ ਰੱਖਣ ਦੀ ਅਪੀਲ
ਇਕੱਤਰਤਾ ਵਿੱਚ 1328 ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ’ਤੇ ਵੀ ਚਿੰਤਾ ਜਤਾਈ ਗਈ। ਪੰਜ ਸਿੰਘ ਸਾਹਿਬਾਨ ਨੇ ਸਾਫ਼ ਕੀਤਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਸੰਵੇਦਨਸ਼ੀਲ ਮਸਲੇ ’ਤੇ ਆਪਣਾ ਲਾਭ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰੇ। ਇਹ ਵੀ ਕਿਹਾ ਗਿਆ ਕਿ ਸਰਕਾਰੀ ਜਾਂਚਾਂ
ਅਤੇ ਕਾਨੂੰਨੀ ਕਾਰਵਾਈਆਂ ਅਕਸਰ ਅਧੂਰੀ ਰਹਿ ਜਾਂਦੀਆਂ ਹਨ, ਇਸ ਲਈ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸੰਸਥਾਗਤ ਢਾਂਚੇ ਅੰਦਰ ਹੀ ਸੁਲਝਾਇਆ ਜਾਣਾ ਚਾਹੀਦਾ ਹੈ।
ਸਿੱਖ ਮਰਿਆਦਾ ਦੀ ਰੱਖਿਆ ਲਈ ਸਖ਼ਤੀ ਜ਼ਰੂਰੀ
ਪ੍ਰੈਸ ਕਾਨਫਰੰਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਇਹ ਫ਼ੈਸਲੇ ਸਿੱਖ ਧਰਮ ਦੀ ਮਰਿਆਦਾ, ਪਰੰਪਰਾਵਾਂ ਅਤੇ ਪਵਿਤਰਤਾ ਦੀ ਰੱਖਿਆ ਲਈ ਜ਼ਰੂਰੀ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਹੁਕਮਾਂ ਦੀ ਪਾਲਣਾ ਕਰਦਿਆਂ ਸਿੱਖ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਜਾਵੇ।

