ਪਟਨਾ :- ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਪਟਨਾ ਦੀ ਸੰਗਤ ਨੂੰ ਸਿਹਤ ਖੇਤਰ ਵਿੱਚ ਇਕ ਵੱਡੀ ਸੌਗਾਤ ਮਿਲੀ ਹੈ। ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਵੱਲੋਂ ਸ਼ਨੀਵਾਰ ਨੂੰ ਪਟਨਾ ਵਿਖੇ ਚਾਰ ਸਾਹਿਬਜ਼ਾਦੇ MRI ਅਤੇ CT ਸਕੈਨ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ।
ਰੈੱਡ ਕਰਾਸ ਭਵਨ ਮੰਗਲ ਤਾਲਾਬ ’ਚ ਬਣੇਗਾ ਆਧੁਨਿਕ ਸੈਂਟਰ
ਮਿਲੀ ਜਾਣਕਾਰੀ ਅਨੁਸਾਰ ਇਹ ਅਤਿਆਧੁਨਿਕ MRI ਅਤੇ CT ਸਕੈਨ ਸੈਂਟਰ ਪਟਨਾ ਦੇ ਮੰਗਲ ਤਾਲਾਬ ਇਲਾਕੇ ਵਿੱਚ ਸਥਿਤ ਰੈੱਡ ਕਰਾਸ ਭਵਨ ਦੇ ਪ੍ਰਾਂਗਣ ਅੰਦਰ ਤਿਆਰ ਕੀਤਾ ਜਾਵੇਗਾ। ਇਸ ਸੈਂਟਰ ਰਾਹੀਂ ਆਮ ਲੋਕਾਂ ਨੂੰ ਕਿਫਾਇਤੀ ਅਤੇ ਸੁਵਿਧਾਜਨਕ ਤਰੀਕੇ ਨਾਲ ਉੱਚ-ਪੱਧਰੀ ਜਾਂਚ ਸਹੂਲਤਾਂ ਮਿਲਣਗੀਆਂ।
ਚੀਫ਼ ਖ਼ਾਲਸਾ ਦੀਵਾਨ ਮੁੰਬਈ ਦੀ ਅਹਿਮ ਭੂਮਿਕਾ
ਇਸ ਪ੍ਰੋਜੈਕਟ ਦੀ ਸੇਵਾ ਚੀਫ਼ ਖ਼ਾਲਸਾ ਦੀਵਾਨ ਮੁੰਬਈ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਨਾਲ ਜੁੜੇ ਮੈਂਬਰਾਂ ਵੱਲੋਂ ਵੀ ਇਸ ਸੇਵਾ ਵਿੱਚ ਸਰਗਰਮ ਯੋਗਦਾਨ ਦਿੱਤਾ ਜਾ ਰਿਹਾ ਹੈ।
₹14 ਕਰੋੜ ਦੀਆਂ ਮਸ਼ੀਨਾਂ, ਨਿਰਮਾਣ ਦੀ ਜ਼ਿੰਮੇਵਾਰੀ ਭੂਰੀਵਾਲਿਆਂ ਨੂੰ
ਸੂਤਰਾਂ ਮੁਤਾਬਕ MRI ਅਤੇ CT ਸਕੈਨ ਲਈ ਲਗਾਈਆਂ ਜਾਣ ਵਾਲੀਆਂ ਮਸ਼ੀਨਾਂ ਦੀ ਕੁੱਲ ਲਾਗਤ ਲਗਭਗ 14 ਕਰੋੜ ਰੁਪਏ ਆਂਕੀ ਗਈ ਹੈ। ਇਮਾਰਤ ਦੇ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ, ਜੋ ਸੇਵਾ ਅਤੇ ਗੁਣਵੱਤਾ ਲਈ ਜਾਣੇ ਜਾਂਦੇ ਹਨ।
ਸੰਗਤ ਲਈ ਸਿਹਤ ਤੇ ਸੇਵਾ ਦਾ ਨਵਾਂ ਕੇਂਦਰ
ਇਹ ਸੈਂਟਰ ਤਿਆਰ ਹੋਣ ਉਪਰਾਂਤ ਨਾ ਸਿਰਫ਼ ਪਟਨਾ, ਸਗੋਂ ਨੇੜਲੇ ਇਲਾਕਿਆਂ ਦੇ ਮਰੀਜ਼ਾਂ ਲਈ ਵੀ ਵੱਡਾ ਸਹਾਰਾ ਸਾਬਤ ਹੋਵੇਗਾ। ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਇਹ ਪਹਲ ਸੇਵਾ, ਸਮਰਪਣ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਦਰਸਾਉਂਦੀ ਹੈ।

