ਹੁਸ਼ਿਆਰਪੁਰ :- ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ ਤੜਕੇ ਉਸ ਵੇਲੇ ਹਲਚਲ ਮਚ ਗਈ ਜਦੋਂ ਪੰਜਾਬ ਪੁਲਿਸ ਅਤੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸ਼ੱਕੀ ਅਪਰਾਧੀਆਂ ਵਿਚਾਲੇ ਸਿੱਧਾ ਮੁਕਾਬਲਾ ਹੋ ਗਿਆ। ਗੜ੍ਹਸ਼ੰਕਰ ਖੇਤਰ ਅਧੀਨ ਪੈਂਦੇ ਪਿੰਡ ਰਾਮਪੁਰ ਬਿਲੜੋ ਇਲਾਕੇ ਵਿੱਚ ਹੋਏ ਇਸ ਐਨਕਾਊਂਟਰ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਹਿਲਪੁਰ ਲੁੱਟ ਮਾਮਲੇ ਨਾਲ ਜੁੜੇ ਸਨ ਸ਼ੱਕੀ
ਪੁਲਿਸ ਸੂਤਰਾਂ ਮੁਤਾਬਕ ਇਹੀ ਗਿਰੋਹ ਕੁਝ ਦਿਨ ਪਹਿਲਾਂ ਮਾਹਿਲਪੁਰ ਵਿੱਚ ਮਨੀ ਚੇਂਜਰ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਗਿਰੋਹ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਨੇ ਇਲਾਕੇ ਨੂੰ ਘੇਰ ਲਿਆ।
ਸਵੇਰੇ ਤੜਕੇ ਹੋਇਆ ਅਮਨਾ–ਸਾਮਨਾ
ਜਿਵੇਂ ਹੀ ਪੁਲਿਸ ਨੇ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਿਵੇਂ ਹੀ ਹਾਲਾਤ ਤਣਾਅਪੂਰਨ ਹੋ ਗਏ ਅਤੇ ਦੋਹਾਂ ਪਾਸਿਆਂ ਵੱਲੋਂ ਗੋਲੀਆਂ ਚੱਲਣ ਦੀ ਸਥਿਤੀ ਬਣ ਗਈ। ਕੁਝ ਹੀ ਸਮੇਂ ਵਿੱਚ ਪੁਲਿਸ ਨੇ ਮੋਰਚਾ ਸੰਭਾਲ ਲਿਆ ਅਤੇ ਸਥਿਤੀ ’ਤੇ ਕਾਬੂ ਪਾ ਲਿਆ।
ਇੱਕ ਲੁਟੇਰਾ ਜ਼ਖ਼ਮੀ, ਤਿੰਨ ਕਾਬੂ
ਮੌਕੇ ’ਤੇ ਪਹੁੰਚੇ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇੱਕ ਲੁਟੇਰਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜ਼ਖ਼ਮੀ ਸਮੇਤ ਦੋ ਹੋਰ ਸਾਥੀਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ।
ਹਥਿਆਰ ਬਰਾਮਦ, ਜਾਂਚ ਜਾਰੀ
ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਟੀਮਾਂ ਵੱਲੋਂ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੁੱਟ ਨਾਲ ਜੁੜੇ ਹੋਰ ਤੱਥਾਂ ਨੂੰ ਖੰਗਾਲਿਆ ਜਾ ਰਿਹਾ ਹੈ।

