ਚੰਡੀਗੜ੍ਹ :- ਭਾਰਤੀ ਕ੍ਰਿਕਟ ਨੂੰ ਨਵੀਂ ਉਚਾਈਆਂ ਵੱਲ ਲਿਜਾਣ ਵਾਲੇ ਉਭਰਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਆਪਣੀ ਕਾਬਲਿਯਤ ਨਾਲ ਦੇਸ਼ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਵੈਭਵ ਨੂੰ ਖੇਡਾਂ ਦੇ ਖੇਤਰ ਵਿੱਚ ਬੇਮਿਸਾਲ ਪ੍ਰਦਰਸ਼ਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪੁਰਸਕਾਰ ਲਈ ਕੌਮੀ ਮੈਚ ਤੋਂ ਵੀ ਬਣਾਇਆ ਫਾਸਲਾ
ਇਸ ਵੱਕਾਰੀ ਸਨਮਾਨ ਨੂੰ ਪ੍ਰਾਪਤ ਕਰਨ ਲਈ ਵੈਭਵ ਸੂਰਿਆਵੰਸ਼ੀ ਨੇ ਦਿੱਲੀ ਪਹੁੰਚਣ ਦਾ ਫੈਸਲਾ ਕੀਤਾ, ਜਿਸ ਕਾਰਨ ਉਨ੍ਹਾਂ ਨੇ ਬਿਹਾਰ ਟੀਮ ਵੱਲੋਂ ਵਿਜੇ ਹਜ਼ਾਰੇ ਟਰਾਫੀ ਵਿੱਚ ਮਣੀਪੁਰ ਖ਼ਿਲਾਫ਼ ਹੋਣ ਵਾਲਾ ਮੈਚ ਨਹੀਂ ਖੇਡਿਆ। ਹਾਲਾਂਕਿ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿਰੁੱਧ ਉਨ੍ਹਾਂ ਦੀ ਖੇਡੀ ਗਈ ਧਮਾਕੇਦਾਰ ਪਾਰੀ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਸਿਰਫ਼ 84 ਗੇਂਦਾਂ ’ਚ 190 ਦੌੜਾਂ ਬਣਾਉਂਦੇ ਹੋਏ ਵੈਭਵ ਨੇ 16 ਚੌਕੇ ਅਤੇ 15 ਛੱਕੇ ਜੜ ਕੇ ਆਪਣੀ ਆਕ੍ਰਮਕ ਬੱਲੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
IPL ਵਿੱਚ ਵੀ ਛੱਡੀ ਗਹਿਰੀ ਛਾਪ
ਵੈਭਵ ਸੂਰਿਆਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡ ਚੁੱਕੇ ਹਨ। IPL 2025 ਦੌਰਾਨ ਸੱਤ ਮੈਚਾਂ ਵਿੱਚ 252 ਦੌੜਾਂ ਬਣਾ ਕੇ ਉਨ੍ਹਾਂ ਨੇ ਨਾ ਸਿਰਫ਼ ਟੀਮ ਮੈਨੇਜਮੈਂਟ, ਸਗੋਂ ਕ੍ਰਿਕਟ ਪ੍ਰੇਮੀਆਂ ਦਾ ਭਰੋਸਾ ਵੀ ਜਿੱਤ ਲਿਆ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਇਹ ਰਿਹਾ ਕਿ ਫ੍ਰੈਂਚਾਈਜ਼ੀ ਨੇ ਉਨ੍ਹਾਂ ਨੂੰ ਅੱਗੇ ਲਈ ਵੀ ਟੀਮ ਨਾਲ ਜੋੜੇ ਰੱਖਣ ਦਾ ਫੈਸਲਾ ਕੀਤਾ।
ਅੰਡਰ-19 ਤੋਂ ਕੌਮੀ ਮੰਚ ਤੱਕ ਚਮਕਦਾ ਸਫ਼ਰ
ਵੈਭਵ ਭਾਰਤੀ ਅੰਡਰ-19 ਟੀਮ ਲਈ ਵੀ ਲਗਾਤਾਰ ਪ੍ਰਭਾਵਸ਼ਾਲੀ ਪਾਰੀਆਂ ਖੇਡ ਕੇ ਆਪਣੀ ਪ੍ਰਤਿਭਾ ਸਾਬਤ ਕਰ ਚੁੱਕੇ ਹਨ। ਛੋਟੀ ਉਮਰ ਵਿੱਚ ਮਿਲੀ ਇਹ ਕੌਮੀ ਪਛਾਣ ਭਾਰਤੀ ਕ੍ਰਿਕਟ ਲਈ ਇਕ ਵੱਡੀ ਉਮੀਦ ਵਜੋਂ ਵੇਖੀ ਜਾ ਰਹੀ ਹੈ।
ਵੀਰ ਬਾਲ ਦਿਵਸ ਮੌਕੇ ਮਿਲਿਆ ਮਾਣ
ਜ਼ਿਕਰਯੋਗ ਹੈ ਕਿ ਇਹ ਸਨਮਾਨ ਸਮਾਰੋਹ ਵੀਰ ਬਾਲ ਦਿਵਸ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਣ ਕਾਰਨਾਮੇ ਕਰਨ ਵਾਲੇ ਬੱਚਿਆਂ ਨੂੰ ਮਾਣਤਾ ਦਿੱਤੀ ਗਈ। ਵੈਭਵ ਸੂਰਿਆਵੰਸ਼ੀ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਬਿਹਾਰ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਬਣੀ ਹੈ।

