ਜੈਪੁਰ :- ਜੈਪੁਰ ਦਿਹਾਤੀ ਦੇ ਚੌਮੂ ਕਸਬੇ ਵਿੱਚ ਤਣਾਅਪੂਰਨ ਹਾਲਾਤ ਉਸ ਸਮੇਂ ਬਣ ਗਏ, ਜਦੋਂ ਇੱਕ ਮਸਜਿਦ ਦੇ ਬਾਹਰ ਪਏ ਪੱਥਰ ਹਟਾਉਣ ਨੂੰ ਲੈ ਕੇ ਦੋ ਪੱਖਾਂ ਵਿਚਕਾਰ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਮਾਹੌਲ ਗਰਮ ਹੋ ਗਿਆ ਅਤੇ ਮਾਮਲਾ ਹਿੰਸਾ ਵਿੱਚ ਤਬਦੀਲ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਅਫ਼ਰਾਤਫ਼ਰੀ ਫੈਲ ਗਈ।
ਭੀੜ ਵੱਲੋਂ ਪੁਲਸ ’ਤੇ ਪੱਥਰਬਾਜ਼ੀ
ਜਾਣਕਾਰੀ ਅਨੁਸਾਰ, ਇਹ ਘਟਨਾ ਸਵੇਰੇ ਤਕਰੀਬਨ ਤਿੰਨ ਵਜੇ ਚੌਮੂ ਦੇ ਬੱਸ ਸਟੈਂਡ ਇਲਾਕੇ ਨੇੜੇ ਵਾਪਰੀ। ਪ੍ਰਸ਼ਾਸਨਕ ਟੀਮ ਜਦੋਂ ਮਸਜਿਦ ਦੇ ਬਾਹਰੋਂ ਰਸਤਾ ਸਾਫ਼ ਕਰਨ ਲਈ ਪੱਥਰ ਹਟਾ ਰਹੀ ਸੀ, ਤਾਂ ਅਚਾਨਕ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਦੌਰਾਨ ਭੀੜ ਨੇ ਪੁਲਸ ’ਤੇ ਪੱਥਰ ਸੁੱਟਣ ਸ਼ੁਰੂ ਕਰ ਦਿੱਤੇ, ਜਿਸ ਕਾਰਨ ਕਈ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ।
ਅੱਥਰੂ ਗੈਸ ਨਾਲ ਭੀੜ ਨੂੰ ਖਿੰਡਾਇਆ
ਹਾਲਾਤਾਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਕਾਫ਼ੀ ਜਦੋ-ਜਹਦ ਤੋਂ ਬਾਅਦ ਭੀੜ ਨੂੰ ਖਿੰਡਾਇਆ ਗਿਆ ਅਤੇ ਸਥਿਤੀ ’ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਮੁਤਾਬਕ, ਘਟਨਾ ਦੌਰਾਨ ਘੱਟੋ-ਘੱਟ ਚਾਰ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ।
ਇਲਾਕੇ ’ਚ ਭਾਰੀ ਫੋਰਸ ਤਾਇਨਾਤ, ਨਿਗਰਾਨੀ ਤੇਜ਼
ਹਿੰਸਾ ਤੋਂ ਬਾਅਦ ਚੌਮੂ ਵਿੱਚ ਵਾਧੂ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਫ਼ਵਾਹ ਜਾਂ ਨਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਅਮਨ-ਕਾਨੂੰਨ ਲਈ ਇੰਟਰਨੈੱਟ ਸੇਵਾਵਾਂ ਰੋਕੀਆਂ
ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਰੱਖਣ ਅਤੇ ਅਫ਼ਵਾਹਾਂ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਚੌਮੂ ਇਲਾਕੇ ਵਿੱਚ 24 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

