ਚੰਡੀਗੜ੍ਹ :- ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨੇ ਇੱਕ ਵਾਰ ਫਿਰ ਦੇਸ਼ ਪੱਧਰ ’ਤੇ ਮਾਣ ਹਾਸਲ ਕੀਤਾ ਹੈ। ਸਰਹੱਦ ਨਾਲ ਲੱਗਦੇ ਪਿੰਡ ਚੱਕ ਤਾਰਨ ਵਾਲੀ ਦੇ 10 ਸਾਲਾ ਬੱਚੇ ਮਾਸਟਰ ਸ਼ਰਵਣ ਸਿੰਘ ਨੂੰ ਉਸਦੀ ਬੇਮਿਸਾਲ ਹਿੰਮਤ ਅਤੇ ਦੇਸ਼ ਭਗਤੀ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਸਮਾਗਮ ਦੌਰਾਨ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਖੁਦ ਸ਼ਰਵਣ ਨੂੰ ਇਹ ਸਨਮਾਨ ਪ੍ਰਦਾਨ ਕੀਤਾ।
ਸਰਹੱਦ ’ਤੇ ਖ਼ਤਰੇ ਵਿਚ ਵੀ ਫੌਜ ਲਈ ਬਣਿਆ ਸਹਾਰਾ
ਮਈ 2025 ਵਿੱਚ ਚੱਲੇ ਆਪ੍ਰੇਸ਼ਨ ਸਿੰਦੂਰ ਦੌਰਾਨ, ਜਦੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਹਾਲਾਤ ਬੇਹੱਦ ਤਣਾਅਪੂਰਨ ਸਨ ਅਤੇ ਦੁਸ਼ਮਣੀ ਡਰੋਨਾਂ ਦੀ ਘੁਸਪੈਠ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਸੀ, ਉਸ ਸਮੇਂ ਨਿੱਕੇ ਸ਼ਰਵਣ ਨੇ ਹੌਂਸਲੇ ਅਤੇ ਹਿੰਮਤ ਦੀ ਅਜਿਹੀ ਮਿਸਾਲ ਕਾਇਮ ਕੀਤੀ, ਜੋ ਵੱਡੇ-ਵੱਡੇ ਵੀ ਨਹੀਂ ਕਰ ਸਕੇ। ਖ਼ਤਰੇ ਦੀ ਪਰਵਾਹ ਕੀਤੇ ਬਿਨਾਂ ਉਹ ਹਰ ਰੋਜ਼ ਅਗਲੀ ਚੌਕੀਆਂ ਤੱਕ ਜਾ ਕੇ ਤਾਇਨਾਤ ਸੈਨਿਕਾਂ ਲਈ ਪਾਣੀ, ਦੁੱਧ, ਲੱਸੀ, ਚਾਹ ਅਤੇ ਬਰਫ਼ ਵਰਗੀਆਂ ਲੋੜੀਂਦੀਆਂ ਚੀਜ਼ਾਂ ਪਹੁੰਚਾਉਂਦਾ ਰਿਹਾ।
ਨਿੱਕੀ ਉਮਰ, ਵੱਡਾ ਹੌਂਸਲਾ
ਦੁਸ਼ਮਣ ਦੀ ਨਿਗਰਾਨੀ ਅਤੇ ਸੰਭਾਵਿਤ ਹਮਲਿਆਂ ਦੇ ਸਾਏ ਹੇਠ ਵੀ ਸ਼ਰਵਣ ਦਾ ਹੌਂਸਲਾ ਡਿਗਿਆ ਨਹੀਂ। ਉਸਦੀ ਮੌਜੂਦਗੀ ਨੇ ਸਿਰਫ਼ ਸੈਨਿਕਾਂ ਦੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕੀਤੀਆਂ, ਸਗੋਂ ਉਨ੍ਹਾਂ ਦਾ ਮਨੋਬਲ ਵੀ ਉੱਚਾ ਰੱਖਿਆ। ਸੁਰੱਖਿਆ ਬਲਾਂ ਲਈ ਉਹ ਇੱਕ ਜੀਵਨ-ਰੇਖਾ ਵਾਂਗ ਸਾਬਤ ਹੋਇਆ, ਜਿਸਦੀ ਚਰਚਾ ਫੌਜੀ ਅਧਿਕਾਰੀਆਂ ਤੱਕ ਵੀ ਪਹੁੰਚੀ।
ਫੌਜ ਵੱਲੋਂ ਪਹਿਲਾਂ ਵੀ ਮਿਲ ਚੁੱਕਾ ਹੈ ਸਨਮਾਨ
ਸ਼ਰਵਣ ਸਿੰਘ ਦੀ ਨਿਸ਼ਕਾਮ ਸੇਵਾ ਨੂੰ ਦੇਖਦਿਆਂ ਪਹਿਲਾਂ ਹੀ ਫੌਜ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਸਦੀ ਸਿੱਖਿਆ ਦੀ ਜ਼ਿੰਮੇਵਾਰੀ ਵੀ ਫੌਜ ਨੇ ਸੰਭਾਲੀ ਹੋਈ ਹੈ। ਹੁਣ ਰਾਸ਼ਟਰਪਤੀ ਦੇ ਹੱਥੋਂ ਮਿਲਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾ ਸਿਰਫ਼ ਸ਼ਰਵਣ ਲਈ, ਸਗੋਂ ਪੂਰੇ ਪੰਜਾਬ ਅਤੇ ਫਿਰੋਜ਼ਪੁਰ ਜ਼ਿਲ੍ਹੇ ਲਈ ਮਾਣ ਦੀ ਗੱਲ ਬਣ ਗਿਆ ਹੈ।
ਦੇਸ਼ ਲਈ ਪ੍ਰੇਰਣਾ ਬਣਿਆ ਫਿਰੋਜ਼ਪੁਰ ਦਾ ਲਾਲ
ਨਿੱਕੀ ਉਮਰ ਵਿੱਚ ਦੇਸ਼ ਸੇਵਾ ਦੀ ਅਜਿਹੀ ਮਿਸਾਲ ਕਾਇਮ ਕਰਕੇ ਮਾਸਟਰ ਸ਼ਰਵਣ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਜਜ਼ਬਾ ਅਤੇ ਦੇਸ਼ ਪ੍ਰੇਮ ਉਮਰ ਦੇ ਮੋਹਤਾਜ ਨਹੀਂ ਹੁੰਦੇ। ਉਸਦੀ ਕਹਾਣੀ ਅੱਜ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਇੱਕ ਵੱਡੀ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੈ।

