ਚੰਡੀਗੜ੍ਹ :- ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਅਮਰ ਸਿੰਘ ਚਾਹਲ ਨਾਲ ਹੋਈ ਵੱਡੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਸਫ਼ਲਤਾ ਮਿਲੀ ਹੈ। ਜਾਂਚ ਦੌਰਾਨ ਦੋ ਅਜਿਹੇ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਤੇ ਸਾਬਕਾ ਆਈਜੀ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹਨ।
ਪਟਿਆਲਾ ਅਤੇ ਮੁੰਬਈ ਨਾਲ ਜੁੜੀ ਤਾਰ
ਪੁਲਿਸ ਅਨੁਸਾਰ ਇੱਕ ਸ਼ੱਕੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਦਕਿ ਦੂਜੇ ਦੀ ਲੋਕੇਸ਼ਨ ਮੁੰਬਈ ਨਾਲ ਜੁੜੀ ਹੋਈ ਹੈ। ਦੋਵਾਂ ਨੇ ਮਿਲ ਕੇ ਕਥਿਤ ਤੌਰ ’ਤੇ ਅਮਰ ਸਿੰਘ ਚਾਹਲ ਨਾਲ ਲਗਭਗ 8 ਕਰੋੜ ਰੁਪਏ ਦੀ ਸਾਈਬਰ ਠੱਗੀ ਨੂੰ ਅੰਜਾਮ ਦਿੱਤਾ।
ਮੋਬਾਈਲ ਡਾਟਾ ਅਤੇ ਵਟਸਐਪ ਗਰੁੱਪ ਜਾਂਚ ਦੇ ਘੇਰੇ ’ਚ
ਸਾਬਕਾ ਆਈਜੀ ਦੇ ਮੋਬਾਈਲ ਫ਼ੋਨ ਤੋਂ ਮਿਲੇ ਡਿਜ਼ੀਟਲ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਇੱਕ ਵਟਸਐਪ ਗਰੁੱਪ ਨਾਲ ਜੁੜੇ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ਵਿੱਚ ਕੁਝ ਸੇਵਾਰਤ ਅਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਅਤੇ ਹੋਰ ਸੀਨੀਅਰ ਅਫ਼ਸਰ ਵੀ ਸ਼ਾਮਲ ਸਨ, ਜਿਸ ਕਾਰਨ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ।
ਧੋਖਾਧੜੀ ਤੋਂ ਟੁੱਟ ਕੇ ਮਾਰੀ ਸੀ ਖੁਦ ਨੂੰ ਗੋਲੀ
ਕਰੋੜਾਂ ਦੀ ਸਾਈਬਰ ਠੱਗੀ ਕਾਰਨ ਗਹਿਰੇ ਮਾਨਸਿਕ ਦਬਾਅ ’ਚ ਆ ਕੇ ਸੋਮਵਾਰ ਨੂੰ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਲੰਬੀ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਜਾਨ ਬਚਾ ਲਈ।
ਡਾਕਟਰਾਂ ਅਨੁਸਾਰ ਹਾਲਤ ਸਥਿਰ
ਹਸਪਤਾਲ ਸੂਤਰਾਂ ਮੁਤਾਬਕ, ਭਾਵੇਂ ਸੱਟਾਂ ਕਾਫ਼ੀ ਗੰਭੀਰ ਸਨ ਪਰ ਹੁਣ ਸਾਬਕਾ ਆਈਜੀ ਦੀ ਹਾਲਤ ਸਥਿਰ ਹੈ। ਹਾਲਾਂਕਿ ਉਹ ਇਸ ਸਮੇਂ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ ਅਤੇ ਪੁਲਿਸ ਉਨ੍ਹਾਂ ਦੀ ਪੂਰੀ ਸਿਹਤਯਾਬੀ ਦੀ ਉਡੀਕ ਕਰ ਰਹੀ ਹੈ।
ਫ਼ਰੀਦਕੋਟ ਗੋਲੀਕਾਂਡ ਮਾਮਲੇ ਨਾਲ ਵੀ ਜੁੜਿਆ ਨਾਮ
ਜ਼ਿਕਰਯੋਗ ਹੈ ਕਿ ਅਮਰ ਸਿੰਘ ਚਾਹਲ ਪਹਿਲਾਂ ਤੋਂ ਹੀ ਫ਼ਰੀਦਕੋਟ ਗੋਲੀਬਾਰੀ ਮਾਮਲੇ ਵਿੱਚ ਨਾਮਜ਼ਦ ਹਨ। ਇਸ ਤਾਜ਼ਾ ਘਟਨਾ ਤੋਂ ਬਾਅਦ ਮਾਮਲੇ ਨੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ।
ਐਫਆਈਆਰ ਪਹਿਲਾਂ ਹੀ ਦਰਜ
ਪੰਜਾਬ ਪੁਲਿਸ ਵੱਲੋਂ ਇਸ ਸਾਈਬਰ ਧੋਖਾਧੜੀ ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਸਾਬਕਾ ਆਈਜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਇੱਕ ਪੱਤਰ ਵਿੱਚ ਕਰੋੜਾਂ ਦੀ ਠੱਗੀ ਦਾ ਜ਼ਿਕਰ ਕੀਤਾ ਸੀ। ਪਟਿਆਲਾ ਦੀ ਸਾਈਬਰ ਸ਼ਾਖਾ ਵਿੱਚ ਬੀਐਨਐਸ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ।

