ਕੈਨੇਡਾ :- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੀ 30 ਸਾਲਾ ਨੌਜਵਾਨ ਕੁੜੀ ਹਿਮਾਂਸ਼ੀ ਖੁਰਾਣਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ 20 ਦਸੰਬਰ ਦੀ ਸਵੇਰ ਇੱਕ ਰਿਹਾਇਸ਼ੀ ਘਰ ਅੰਦਰੋਂ ਉਸ ਦੀ ਲਾਸ਼ ਮਿਲੀ, ਜਿਸ ਨਾਲ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਲਾਪਤਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਖੁਲਿਆ ਰਾਜ
ਪੁਲਿਸ ਅਧਿਕਾਰੀਆਂ ਮੁਤਾਬਕ, ਹਿਮਾਂਸ਼ੀ 19 ਦਸੰਬਰ ਦੀ ਰਾਤ ਤੋਂ ਲਾਪਤਾ ਸੀ। ਪਰਿਵਾਰਕ ਜਾਣਕਾਰਾਂ ਵੱਲੋਂ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਭਾਲ ਮੁਹਿੰਮ ਚਲਾਈ। ਲਗਾਤਾਰ ਖੋਜ ਤੋਂ ਬਾਅਦ ਅਗਲੇ ਦਿਨ ਸਵੇਰੇ ਕਰੀਬ 6:30 ਵਜੇ ਇੱਕ ਘਰ ਵਿੱਚੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ।
ਪਾਰਟਨਰ ਖ਼ਿਲਾਫ਼ ਫਸਟ ਡਿਗਰੀ ਮਰਡਰ ਦਾ ਵਾਰੰਟ
ਟੋਰਾਂਟੋ ਪੁਲਿਸ ਨੇ ਇਸ ਮਾਮਲੇ ਵਿੱਚ ਹਿਮਾਂਸ਼ੀ ਦੇ ਕਥਿਤ ਪਾਰਟਨਰ 32 ਸਾਲਾ ਅਬਦੁਲ ਗਫੂਰੀ ਨੂੰ ਮੁੱਖ ਸ਼ੱਕੀ ਕਰਾਰ ਦਿੱਤਾ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਫਸਟ ਡਿਗਰੀ ਮਰਡਰ ਦਾ ਵਾਰੰਟ ਜਾਰੀ ਕਰ ਦਿੱਤਾ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਇੱਕ-ਦੂਜੇ ਨੂੰ ਨਿੱਜੀ ਤੌਰ ’ਤੇ ਜਾਣਦੇ ਸਨ।
ਘਰੇਲੂ ਹਿੰਸਾ ਦੇ ਕੋਣ ਤੋਂ ਜਾਂਚ
ਸ਼ੁਰੂਆਤੀ ਜਾਂਚ ਦੌਰਾਨ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾ ਦੇ ਸੰਪਰਕਾਂ, ਪਿਛੋਕੜ ਅਤੇ ਆਖ਼ਰੀ ਘੰਟਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਦੋਸ਼ ਸਾਬਤ ਹੋਇਆ ਤਾਂ ਉਮਰ ਕੈਦ ਤੱਕ ਸਜ਼ਾ
ਪੁਲਿਸ ਅਨੁਸਾਰ, ਜੇਕਰ ਅਬਦੁਲ ਗਫੂਰੀ ’ਤੇ ਲਗੇ ਦੋਸ਼ ਅਦਾਲਤ ਵਿੱਚ ਸਾਬਤ ਹੋ ਜਾਂਦੇ ਹਨ, ਤਾਂ ਕੈਨੇਡਾ ਦੇ ਕਾਨੂੰਨ ਅਨੁਸਾਰ ਉਸਨੂੰ ਬਿਨਾਂ ਜ਼ਮਾਨਤ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਤੁਰੰਤ ਅੱਗੇ ਆਵੇ।
ਭਾਰਤੀ ਦੂਤਾਵਾਸ ਨੇ ਜਤਾਇਆ ਦੁੱਖ
ਇਸ ਦਰਦਨਾਕ ਘਟਨਾ ’ਤੇ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ ਹੈ। ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਹਿਮਾਂਸ਼ੀ ਖੁਰਾਣਾ ਦੀ ਮੌਤ ਦੀ ਖ਼ਬਰ ਨਾਲ ਭਾਰਤੀ ਭਾਈਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਪਰਿਵਾਰ ਨਾਲ ਪੂਰੀ ਸਾਂਝ ਹੈ। ਦੂਤਾਵਾਸ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਨਿਆਂ ਦਿਵਾਉਣ ਦਾ ਭਰੋਸਾ ਵੀ ਦਿੱਤਾ ਹੈ।

