ਹਰਿਆਣਾ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਪੰਚਕੂਲਾ ਦੇ ਸੈਕਟਰ-5 ਸਥਿਤ ਯਵਨਿਕਾ ਪਾਰਕ ਤੋਂ ਹਰਿਆਣਾ ਪੁਲਿਸ ਅਕੈਡਮੀ ਮਾਧੁਬਨ ਦੇ ਬੈਚ ਨੰਬਰ 93 ਦੇ ਟ੍ਰੇਨੀ ਪੁਲਿਸ ਕਰਮਚਾਰੀਆਂ ਵੱਲੋਂ ਆਯੋਜਿਤ ਪਬਲਿਕ ਸਰਵਿਸ ਰਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਅਟਲ ਬਿਹਾਰੀ ਵਾਜਪੇਈ ਦੀ ਯਾਦ ਨੂੰ ਸਮਰਪਿਤ ਦੌੜ
ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੌੜ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਦੌੜ ਇਕਤਾ, ਅਨੁਸ਼ਾਸਨ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ।
ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਪੁਲਿਸ ਪਾਸਿੰਗ ਆਊਟ ਬੈਚ
ਮੁੱਖ ਮੰਤਰੀ ਨੇ ਦੱਸਿਆ ਕਿ ਸ਼ਾਮ ਨੂੰ ਕੇਂਦਰੀ ਗ੍ਰਿਹ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇਸ਼ ਦੇ ਸਭ ਤੋਂ ਵੱਡੇ ਪੁਲਿਸ ਪਾਸਿੰਗ ਆਊਟ ਬੈਚ ਨੂੰ ਸਹੁੰ ਚੁਕਾਉਣਗੇ। ਇਸ ਇਤਿਹਾਸਕ ਬੈਚ ਵਿੱਚ ਕੁੱਲ 5,061 ਨਵੇਂ ਪੁਲਿਸ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ 4,191 ਪੁਰਸ਼ ਅਤੇ 870 ਮਹਿਲਾਵਾਂ ਹਨ।
ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ
ਸੈਣੀ ਨੇ ਕਿਹਾ ਕਿ ਇਸ ਬੈਚ ਵਿੱਚ ਮਹਿਲਾਵਾਂ ਦੀ ਹਿਸੇਦਾਰੀ 20.75 ਫ਼ੀਸਦੀ ਹੈ, ਜੋ ਹਰਿਆਣਾ ਪੁਲਿਸ ਵਿੱਚ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ 2014 ਵਿੱਚ ਪੁਲਿਸ ਵਿੱਚ ਮਹਿਲਾਵਾਂ ਦੀ ਗਿਣਤੀ ਸਿਰਫ਼ 3 ਫ਼ੀਸਦੀ ਸੀ, ਜੋ ਹੁਣ 10 ਫ਼ੀਸਦੀ ਤੋਂ ਵੱਧ ਹੋ ਚੁੱਕੀ ਹੈ ਅਤੇ ਸਰਕਾਰ ਦਾ ਲਕੜ 25 ਫ਼ੀਸਦੀ ਤੱਕ ਪਹੁੰਚਾਉਣ ਦਾ ਹੈ।
ਨਸ਼ਾ ਵਿਰੋਧੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਬਣਨਗੇ ਨਵੇਂ ਪੁਲਿਸ ਕਰਮੀ
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਤਿਆਰ ਹੋਏ ਪੁਲਿਸ ਕਰਮਚਾਰੀ ਨਸ਼ਾ ਵਿਰੋਧੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨਗੇ ਅਤੇ ਸਮਾਜ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਯੁਵਾ, ਪੜ੍ਹਿਆ-ਲਿਖਿਆ ਤੇ ਸਮਾਜਿਕ ਤੌਰ ‘ਤੇ ਸੰਵੇਦਨਸ਼ੀਲ ਬੈਚ
ਉਨ੍ਹਾਂ ਦੱਸਿਆ ਕਿ 39 ਹਫ਼ਤਿਆਂ ਦੀ ਕਠਿਨ ਟ੍ਰੇਨਿੰਗ ਪੂਰੀ ਕਰ ਚੁੱਕੇ ਇਸ ਬੈਚ ਵਿੱਚ 85 ਫ਼ੀਸਦੀ ਭਰਤੀ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹਨ, ਜਦਕਿ 50 ਫ਼ੀਸਦੀ ਤੋਂ ਵੱਧ ਨੌਜਵਾਨ 26 ਸਾਲ ਤੋਂ ਘੱਟ ਉਮਰ ਦੇ ਹਨ। ਇਸਦੇ ਨਾਲ ਹੀ 4,252 ਭਰਤੀ ਪਿੰਡਾਂ ਤੋਂ ਅਤੇ 809 ਸ਼ਹਿਰੀ ਖੇਤਰਾਂ ਤੋਂ ਹਨ, ਜੋ ਸਮਾਜਿਕ ਸਾਂਝ ਅਤੇ ਏਕਤਾ ਨੂੰ ਦਰਸਾਉਂਦਾ ਹੈ।
ਸੇਵਾ ਭਾਵਨਾ ਦੀ ਮਿਸਾਲ: ਖੂਨ ਦਾਨ
ਮੁੱਖ ਮੰਤਰੀ ਨੇ ਦੱਸਿਆ ਕਿ ਟ੍ਰੇਨੀਜ਼ ਵੱਲੋਂ 9 ਅਪ੍ਰੈਲ 2025 ਨੂੰ ਆਪਣੀ ਮਰਜ਼ੀ ਨਾਲ 1,356 ਯੂਨਿਟ ਖੂਨ ਦਾਨ ਕਰਨਾ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਸੰਵੇਦਨਸ਼ੀਲਤਾ ਦਾ ਸਪੱਸ਼ਟ ਸਬੂਤ ਹੈ।
ਕਈ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ
ਇਸ ਮੌਕੇ ਕਲਕਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਡੀਜੀਪੀ ਓ.ਪੀ. ਸਿੰਘ, ਹਰਿਆਣਾ ਪੁਲਿਸ ਅਕੈਡਮੀ ਦੇ ਡਾਇਰੈਕਟਰ ਡਾ. ਏ.ਐਸ. ਚਾਵਲਾ ਸਮੇਤ ਕਈ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਆਗੂ ਹਾਜ਼ਰ ਰਹੇ।

