ਫਤਹਿਗੜ੍ਹ ਸਾਹਿਬ :- ਸ਼ਹੀਦੀ ਸਭਾ ਫਤਹਿਗੜ੍ਹ ਸਾਹਿਬ 2025 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਜ਼ਿਲ੍ਹਾ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 25 ਦਸੰਬਰ ਤੋਂ 27 ਦਸੰਬਰ ਦੀ ਅੱਧੀ ਰਾਤ ਤੱਕ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਤਿੰਨ ਕਿਲੋਮੀਟਰ ਤੱਕ ਪਾਬੰਦੀ
ਹੁਕਮਾਂ ਅਨੁਸਾਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਕਿਸਮ ਦੀ ਸ਼ਰਾਬ ਦੀ ਵਿਕਰੀ ਜਾਂ ਵਰਤੋਂ ਨਹੀਂ ਹੋ ਸਕੇਗੀ। ਇਸਦੇ ਨਾਲ ਹੀ ਸ਼ਰਾਬ ਪੀ ਕੇ ਸ਼ਹੀਦੀ ਸਭਾ ਵਾਲੇ ਖੇਤਰ ਵਿੱਚ ਦਾਖਲ ਹੋਣਾ ਵੀ ਪੂਰੀ ਤਰ੍ਹਾਂ ਮਨਾਹੀ ਹੋਵੇਗਾ।
ਇਨ੍ਹਾਂ ਮੁੱਖ ਇਲਾਕਿਆਂ ’ਚ ਵੀ ਰਹੇਗੀ ਰੋਕ
ਤਿੰਨ ਕਿਲੋਮੀਟਰ ਦੇ ਦਾਇਰੇ ਤੋਂ ਇਲਾਵਾ ਸਰਹਿੰਦ ਸ਼ਹਿਰ ਦੇ ਕਈ ਪ੍ਰਮੁੱਖ ਇਲਾਕਿਆਂ ਵਿੱਚ ਵੀ ਇਹ ਪਾਬੰਦੀ ਲਾਗੂ ਰਹੇਗੀ। ਇਸ ਵਿੱਚ ਅਨਾਜ ਮੰਡੀ ਸਰਹਿੰਦ, ਸਾਨੀਪੁਰ ਚੌਂਕ, ਜੀਟੀ ਰੋਡ ਬਾੜਾ, ਚਾਵਲਾ ਚੌਂਕ, ਸਰਹਿੰਦ ਰੇਲਵੇ ਰੋਡ, ਰੇਲਵੇ ਰੋਡ ਹਮਾਯੂਪੁਰ, ਭੱਟੀ ਰੋਡ ਸਰਹਿੰਦ ਅਤੇ ਖਾਨਪੁਰ ਸ਼ਾਮਲ ਹਨ। ਇਨ੍ਹਾਂ ਥਾਵਾਂ ’ਤੇ ਸਥਿਤ ਸ਼ਰਾਬ ਦੇ ਠੇਕੇ, ਅਹਾਤੇ ਅਤੇ ਹੋਟਲਾਂ ਆਦਿ, ਜਿੱਥੇ ਕਾਨੂੰਨੀ ਤੌਰ ’ਤੇ ਸ਼ਰਾਬ ਦੀ ਇਜਾਜ਼ਤ ਹੁੰਦੀ ਹੈ, ਉੱਥੇ ਵੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਰਹੇਗੀ।
ਸ਼ਹੀਦੀ ਸਭਾ ਦੀ ਪਵਿੱਤਰਤਾ ਬਣਾਈ ਰੱਖਣ ਲਈ ਕਦਮ
ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਸ਼ਹੀਦੀ ਸਭਾ ਫਤਹਿਗੜ੍ਹ ਸਾਹਿਬ 25 ਤੋਂ 27 ਦਸੰਬਰ ਤੱਕ ਮਨਾਈ ਜਾ ਰਹੀ ਹੈ, ਜਿਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਧਾਰਮਿਕ ਸਮਾਗਮ ਦੀ ਪਵਿੱਤਰਤਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਇਹ ਪਾਬੰਦੀ ਲਗਾਉਣੀ ਅਤਿਅਵਸ਼ਕ ਸਮਝੀ ਗਈ ਹੈ।
ਹੁਕਮਾਂ ਦੀ ਉਲੰਘਣਾ ’ਤੇ ਕਾਨੂੰਨੀ ਕਾਰਵਾਈ
ਜ਼ਿਲ੍ਹਾ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਹੀਦੀ ਸਭਾ ਦੌਰਾਨ ਨਿਯਮਾਂ ਦੀ ਪਾਲਣਾ ਕਰਕੇ ਸਹਿਯੋਗ ਕਰਨ ਅਤੇ ਧਾਰਮਿਕ ਮਾਹੌਲ ਦੀ ਗੰਭੀਰਤਾ ਨੂੰ ਸਮਝਣ।

