ਚੰਡੀਗੜ੍ਹ :- ਭਾਰਤ ਵਿੱਚ ਇਕ ਅਜਿਹਾ ਰਸਾਇਣਕ ਖ਼ਤਰਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਜਿਸ ਵੱਲ ਨਾ ਸਰਕਾਰ ਦੀ ਪੂਰੀ ਨਜ਼ਰ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਇਸ ਦੀ ਗੰਭੀਰਤਾ ਦਾ ਅਹਿਸਾਸ। ਇਹ ਖ਼ਤਰਾ ਹੈ PFAS—ਜਿਨ੍ਹਾਂ ਨੂੰ ਵਿਗਿਆਨਕ ਭਾਸ਼ਾ ਵਿੱਚ ‘ਫਾਰਐਵਰ ਕੈਮੀਕਲਜ਼’ ਕਿਹਾ ਜਾਂਦਾ ਹੈ। ਇਹ ਉਹ ਰਸਾਇਣ ਹਨ ਜੋ ਇਕ ਵਾਰ ਵਾਤਾਵਰਣ ਜਾਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਜਾਣ ਤਾਂ ਸਾਲਾਂ ਤੱਕ ਖ਼ਤਮ ਨਹੀਂ ਹੁੰਦੇ।
ਯੂਰਪ ਤੋਂ ਭਾਰਤ ਵੱਲ ਸਰਨਾਂ ਲੈ ਰਹੀਆਂ ਫੈਕਟਰੀਆਂ
ਜਿੱਥੇ ਕਈ ਯੂਰਪੀ ਦੇਸ਼ਾਂ ਨੇ ਲੋਕਾਂ ਦੀ ਸਿਹਤ ਨੂੰ ਪਹਿਲ ਦਿੰਦਿਆਂ PFAS ਬਣਾਉਣ ਵਾਲੀਆਂ ਫੈਕਟਰੀਆਂ ’ਤੇ ਤਾਲੇ ਲਗਾ ਦਿੱਤੇ, ਉੱਥੇ ਉਹੀ ਤਕਨਾਲੋਜੀ ਹੁਣ ਭਾਰਤ ਵਿੱਚ ਥਾਂ ਬਣਾਉਂਦੀ ਨਜ਼ਰ ਆ ਰਹੀ ਹੈ। ਵਿਦੇਸ਼ਾਂ ਵਿੱਚ ਰੱਦ ਕੀਤੇ ਗਏ ਪ੍ਰੋਜੈਕਟ ਭਾਰਤ ਵਿੱਚ ਮਨਜ਼ੂਰੀ ਹਾਸਲ ਕਰ ਰਹੇ ਹਨ, ਜਿਸ ਕਾਰਨ ਦੇਸ਼ ਹੌਲੀ-ਹੌਲੀ ਇਨ੍ਹਾਂ ਜ਼ਹਿਰੀਲੇ ਰਸਾਇਣਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ।
ਖੁਰਾਕ ਰਾਹੀਂ ਸਰੀਰ ਤੱਕ ਪਹੁੰਚਦਾ ਜ਼ਹਿਰ
ਅੰਤਰਰਾਸ਼ਟਰੀ ਅਧਿਐਨਾਂ ਮੁਤਾਬਕ PFAS ਪਾਣੀ ਰਾਹੀਂ ਪਹਿਲਾਂ ਐਲਗੀ ਅਤੇ ਪਲੈਂਕਟਨ ਵਿੱਚ ਜਾਂਦੇ ਹਨ। ਉਨ੍ਹਾਂ ਨੂੰ ਛੋਟੀਆਂ ਮੱਛੀਆਂ ਖਾਂਦੀਆਂ ਹਨ ਅਤੇ ਫਿਰ ਵੱਡੀਆਂ ਮੱਛੀਆਂ ਜਾਂ ਮਨੁੱਖ। ਇਸ ਪੂਰੀ ਖੁਰਾਕ ਲੜੀ ਦੌਰਾਨ ਇਹ ਰਸਾਇਣ ਕਈ ਗੁਣਾ ਵਧ ਜਾਂਦੇ ਹਨ। ਖੋਜਾਂ ਵਿੱਚ ਇਹ ਤੱਤ ਜ਼ਮੀਨੀ ਪਾਣੀ, ਦਰਿਆਈ ਮੱਛੀਆਂ ਅਤੇ ਇੱਥੋਂ ਤੱਕ ਕਿ ਮਾਂ ਦੇ ਦੁੱਧ ਵਿੱਚ ਵੀ ਮਿਲੇ ਹਨ, ਜੋ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਸਿਹਤ ’ਤੇ ਡੂੰਘਾ ਤੇ ਲੰਬਾ ਅਸਰ
ਡਾਕਟਰੀ ਮਾਹਰਾਂ ਦਾ ਕਹਿਣਾ ਹੈ ਕਿ PFAS ਦਾ ਸਬੰਧ ਕੈਂਸਰ, ਬਾਂਝਪਨ, ਗੁਰਦੇ ਖ਼ਰਾਬ ਹੋਣ, ਜਿਗਰ ਦੀਆਂ ਬਿਮਾਰੀਆਂ ਅਤੇ ਹਾਰਮੋਨਲ ਅਸੰਤੁਲਨ ਨਾਲ ਜੋੜਿਆ ਜਾ ਰਿਹਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਰਸਾਇਣ ਨਾਨ-ਸਟਿਕ ਭਾਂਡਿਆਂ, ਫੂਡ ਪੈਕਿੰਗ, ਵਾਟਰਪ੍ਰੂਫ ਕੱਪੜਿਆਂ ਅਤੇ ਸਾਫ਼-ਸਫ਼ਾਈ ਦੇ ਕਈ ਸਮਾਨ ਵਿੱਚ ਆਮ ਵਰਤੋਂ ਵਿੱਚ ਹਨ।
‘ਸੁਰੱਖਿਅਤ’ ਦੱਸੇ ਜਾ ਰਹੇ ਨਵੇਂ ਰਸਾਇਣ ਵੀ ਸ਼ੱਕ ਦੇ ਘੇਰੇ ’ਚ
ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਕੰਪਨੀਆਂ ਵੱਲੋਂ ਪੁਰਾਣੇ PFAS ਦੀ ਥਾਂ ਲਿਆਂਦੇ ਜਾ ਰਹੇ ਨਵੇਂ ਰਸਾਇਣ ਹੋਰ ਵੀ ਤੇਜ਼ੀ ਨਾਲ ਸਰੀਰ ਵਿੱਚ ਜਮ੍ਹਾ ਹੋ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸਿਰਫ਼ ਜ਼ਹਿਰਲੇਪਨ ਦੀ ਮਾਤਰਾ ਹੀ ਨਹੀਂ, ਬਲਕਿ ਇਹ ਰਸਾਇਣ ਸਰੀਰ ਵਿੱਚ ਕਿੰਨੀ ਤੇਜ਼ੀ ਨਾਲ ਇਕੱਠੇ ਹੁੰਦੇ ਹਨ—ਇਸ ਅਧਾਰ ’ਤੇ ਨਵੀਆਂ ਤੇ ਸਖ਼ਤ ਨੀਤੀਆਂ ਬਣਾਉਣੀ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਜੇ ਸਮੇਂ ਸਿਰ PFAS ’ਤੇ ਰੋਕ ਨਾ ਲਗਾਈ ਗਈ, ਤਾਂ ਇਹ ਚੁੱਪ ਖ਼ਤਰਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਸਿਹਤ ਸੰਕਟ ਬਣ ਸਕਦਾ ਹੈ।

