ਧੂਰੀ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਢੱਢਗਲ ਵਿੱਚ ਦੋ ਸੜਕਾਂ ਦੇ ਨਿਰਮਾਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ‘ਤੇ 17.21 ਕਰੋੜ ਰੁਪਏ ਦੀ ਲਾਗਤ ਆਏਗੀ। ਇਹ ਦੋਵੇਂ ਸੜਕਾਂ 18-18 ਫੁੱਟ ਚੌੜੀਆਂ ਬਣਨਗੀਆਂ ਅਤੇ ਅਗਲੇ 25 ਦਿਨਾਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਐਲਾਨ ਕੀਤਾ ਕਿ ਇੱਕ ਸੜਕ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ।
ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਵਿਸ਼ਾਲ ਪੱਧਰ ‘ਤੇ ਮਨਾਉਣ ਦੀ ਤਿਆਰੀ
ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਲਈ ਸ੍ਰੀਨਗਰ ਤੋਂ ਦਿੱਲੀ ਦੇ ਚਾਂਦਨੀ ਚੌਕ ਤੱਕ ਨਗਰ ਕੀਰਤਨ ਮਾਰਚ ਕੱਢਿਆ ਜਾਵੇਗਾ। ਸਮਾਗਮਾਂ ਲਈ 55 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਗੁਰੂ ਜੀ ਜਿੱਥੇ-ਜਿੱਥੇ ਗਏ, ਉਨ੍ਹਾਂ ਸਥਾਨਾਂ ‘ਤੇ ਇਕੱਠ ਕੀਤੇ ਜਾਣਗੇ। ਪੰਜਾਬ ਦੇ 108 ਪਿੰਡਾਂ ਅਤੇ 25-30 ਕਸਬਿਆਂ ਦੀ ਪਛਾਣ ਹੋ ਚੁੱਕੀ ਹੈ ਜਿੱਥੇ ਇਹ ਪ੍ਰੋਗਰਾਮ ਹੋਣਗੇ ਅਤੇ ਗੁਰੂ ਜੀ ਦੇ ਇਤਿਹਾਸ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਦਰਸਾਇਆ ਜਾਵੇਗਾ। ਇਸ ਦੌਰਾਨ ਪਿੰਡ ਵਾਸੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਹੂਲਤਾਂ ਸੰਬੰਧੀ ਲੋੜਾਂ ਪੂਰੀਆਂ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ “ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ” ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹਿਣਗੀਆਂ।
ਸੜਕਾਂ ਦੀ ਗੁਣਵੱਤਾ ਤੇ ਰਖ-ਰਖਾਅ ਲਈ ਨਵਾਂ ਨਿਯਮ
ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਕਿ ਹੁਣ ਅਜਿਹਾ ਨਹੀਂ ਹੋਵੇਗਾ ਕਿ ਇੱਕ ਪਾਸੇ ਸੜਕਾਂ ਬਣਨ ਅਤੇ ਦੂਜੇ ਪਾਸੇ ਉਹ ਤੁਰੰਤ ਖਰਾਬ ਹੋਣ। ਸੜਕਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਅਨੁਸਾਰ ਸੜਕ ਬਣਾਉਣ ਵਾਲਾ ਠੇਕੇਦਾਰ 5 ਸਾਲ ਤੱਕ ਉਸ ਦੀ ਮੁਰੰਮਤ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਏਗਾ। ਕੰਮ ਦੀ ਮਨਜ਼ੂਰੀ ਸਿਰਫ਼ ਅਧਿਕਾਰੀਆਂ ਹੀ ਨਹੀਂ, ਬਲਕਿ ਸਥਾਨਕ ਪੰਚਾਇਤ ਵੱਲੋਂ ਵੀ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਠੇਕੇਦਾਰਾਂ ਨੂੰ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਵੀ ਸੜਕਾਂ ਦੀ ਗੁਣਵੱਤਾ ਦੀ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।