ਨਿਊਜ਼ੀਲੈਂਡ :- ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਨਗਰ ਕੀਰਤਨ ਨੂੰ ਰਸਤੇ ਵਿੱਚ ਰੋਕੇ ਜਾਣ ਦੀ ਘਟਨਾ ਤੋਂ ਬਾਅਦ ਇਹ ਮਸਲਾ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਘਟਨਾ ਖ਼ਿਲਾਫ਼ ਪੰਜਾਬ ਵਿੱਚ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ, ਜਦਕਿ ਨਿਊਜ਼ੀਲੈਂਡ ਦੇ ਲੋਕਪ੍ਰਤੀਨਿਧੀਆਂ ਦੇ ਬਿਆਨ ਵੀ ਸਾਹਮਣੇ ਆ ਗਏ ਹਨ।
MP ਰੀਮਾ ਨਖਲੇ ਤੇ ਕੌਂਸਲਰ ਡੈਨਿਯਲ ਨਿਊਮੈਨ ਦਾ ਸਖ਼ਤ ਰੁਖ਼
ਨਿਊਜ਼ੀਲੈਂਡ ਦੀ ਸੰਸਦ ਮੈਂਬਰ ਰੀਮਾ ਨਖਲੇ ਅਤੇ ਕੌਂਸਲਰ ਡੈਨਿਯਲ ਨਿਊਮੈਨ ਨੇ ਨਗਰ ਕੀਰਤਨ ਰੋਕੇ ਜਾਣ ਦੀ ਘਟਨਾ ਨੂੰ ਨਿੰਦਨਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਕਿਆ ਮੰਦਭਾਗਾ ਹੈ ਅਤੇ ਕਿਸੇ ਵੀ ਧਾਰਮਿਕ ਸਮੂਹ ਨਾਲ ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ। ਡੈਨਿਯਲ ਨਿਊਮੈਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਅਨੁਸਾਰ ਜੀਊਣ ਅਤੇ ਧਾਰਮਿਕ ਸਮਾਗਮ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਸਾਲ ਉਹ ਖੁਦ ਨਗਰ ਕੀਰਤਨ ਵਿੱਚ ਸ਼ਾਮਲ ਹੋਣਗੇ।
ਸਾਊਥ ਆਕਲੈਂਡ ’ਚ ਵਾਪਰੀ ਘਟਨਾ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਖੇਤਰ ਵਿੱਚ ਨਗਰ ਕੀਰਤਨ ਦੌਰਾਨ ਕੁਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਸਥਾਨਕ ਵਸਨੀਕਾਂ ਨੇ ਨਗਰ ਕੀਰਤਨ ਨੂੰ ਗੁਰਦੁਆਰੇ ਵੱਲ ਜਾਣ ਤੋਂ ਰੋਕ ਲਿਆ। ਵਿਰੋਧ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਪੋਸਟਰ ਸਨ ਅਤੇ ਉਹ ਨਾਅਰੇ ਲਗਾ ਰਹੇ ਸਨ ਕਿ ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ। ਇਸ ਕਾਰਨ ਮੌਕੇ ’ਤੇ ਤਣਾਅ ਦਾ ਮਾਹੌਲ ਬਣ ਗਿਆ।
ਪੰਜਾਬੀ ਸਿਆਸਤ ’ਚ ਵੀ ਆਇਆ ਮਾਮਲਾ
ਇਸ ਘਟਨਾ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਨੂੰ ਆਪਣੇ ਧਾਰਮਿਕ ਤਿਉਹਾਰ ਅਤੇ ਸਮਾਗਮ ਮਨਾਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਕਿਸੇ ਧੱਕੇ ਨਾਲ ਨਹੀਂ, ਸਗੋਂ ਨਿਊਜ਼ੀਲੈਂਡ ਸਰਕਾਰ ਵੱਲੋਂ ਨਾਗਰਿਕਤਾ ਮਿਲਣ ਤੋਂ ਬਾਅਦ ਉੱਥੇ ਗਏ ਹਨ। ਜਦੋਂ ਸਰਕਾਰ ਨਾਗਰਿਕਤਾ ਦਿੰਦੀ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਉਸਦੀ ਜ਼ਿੰਮੇਵਾਰੀ ਬਣਦੀ ਹੈ।
ਧਾਰਮਿਕ ਆਜ਼ਾਦੀ ’ਤੇ ਸਵਾਲ
ਨਗਰ ਕੀਰਤਨ ਨਾਲ ਜੁੜੀ ਇਸ ਘਟਨਾ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ’ਤੇ ਨਿਊਜ਼ੀਲੈਂਡ ਪ੍ਰਸ਼ਾਸਨ ਦੀ ਅਗਲੀ ਕਾਰਵਾਈ ’ਤੇ ਹੁਣ ਸਭ ਦੀ ਨਜ਼ਰ ਟਿਕੀ ਹੋਈ ਹੈ।

