ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਮਸ਼ਹੂਰ ਸੰਗੀਤ ਗੁਰੂ ਉਸਤਾਦ ਪੂਰਨ ਸ਼ਾਹ ਕੋਟੀ ਜੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸੰਗੀਤ ਜਗਤ ਨੂੰ ਅਪੂਰਣੀ ਘਾਟ ਪਈ ਹੈ ਅਤੇ ਕਲਾਕਾਰਾਂ ਸਮੇਤ ਪ੍ਰਸ਼ੰਸਕਾਂ ਵਿੱਚ ਗਹਿਰਾ ਸੋਗ ਵੇਖਿਆ ਜਾ ਰਿਹਾ ਹੈ।
ਉਸਤਾਦ ਪੂਰਨ ਸ਼ਾਹ ਕੋਟੀ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬਿਮਾਰੀ ਕਾਰਨ ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਡਿੱਗਦੀ ਗਈ ਅਤੇ ਆਖ਼ਿਰਕਾਰ ਉਨ੍ਹਾਂ ਨੇ ਅੰਤਿਮ ਸਾਹ ਲਏ। ਉਹ ਨਾ ਸਿਰਫ਼ ਮਾਸਟਰ ਸਲੀਮ ਦੇ ਪਿਤਾ ਸਨ, ਸਗੋਂ ਹੰਸਰਾਜ ਹੰਸ ਸਮੇਤ ਕਈ ਨਾਮਵਰ ਗਾਇਕਾਂ ਦੇ ਗੁਰੂ ਵੀ ਰਹੇ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪੰਜਾਬੀ ਸੰਗੀਤ ਜਗਤ ਦੇ ਕਈ ਪ੍ਰਸਿੱਧ ਗਾਇਕਾਂ ਅਤੇ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਲਾਕਾਰਾਂ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਜੀ ਨੇ ਆਪਣੀ ਕਲਾ ਅਤੇ ਤਾਲੀਮ ਰਾਹੀਂ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦਿੱਤੀ।
ਜ਼ਿਕਰਯੋਗ ਹੈ ਕਿ ਮਾਸਟਰ ਸਲੀਮ ਪੰਜਾਬੀ ਸੰਗੀਤ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਇੱਕ ਪ੍ਰਸਿੱਧ ਨਾਮ ਹਨ ਅਤੇ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਤੇ ਗੁਰੂ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

