ਬਠਿੰਡਾ :- ਪੰਜਾਬ ਵਿੱਚ ਸੰਘਣੀ ਧੁੰਦ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ। ਅੱਜ ਤੜਕੇ ਮਲੋਟ ਤੋਂ ਬਠਿੰਡਾ ਵੱਲ ਜਾ ਰਹੀ ਇੱਕ ਕਾਲਜ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿੱਚ ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਸਵਾਰ ਸਨ, ਜਿਸ ਕਾਰਨ ਹਾਦਸੇ ਮਗਰੋਂ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਧੁੰਦ ਕਾਰਨ ਟਰੱਕ ਨਜ਼ਰ ਨਾ ਆਇਆ
ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਬਾਬਾ ਫ਼ਰੀਦ ਕਾਲਜ ਬਠਿੰਡਾ ਵੱਲ ਜਾ ਰਹੀ ਸੀ। ਰਸਤੇ ਵਿੱਚ ਸੰਘਣੀ ਧੁੰਦ ਹੋਣ ਕਾਰਨ ਡਰਾਈਵਰ ਨੂੰ ਅੱਗੇ ਜਾ ਰਹੇ ਟਰੱਕ ਦਾ ਅੰਦਾਜ਼ਾ ਨਾ ਹੋ ਸਕਿਆ ਅਤੇ ਬੱਸ ਪਿੱਛੋਂ ਜਾ ਕੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਤੇਜ਼ ਸੀ ਕਿ ਬੱਸ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਕੁਚਲ ਗਿਆ।
ਡਰਾਈਵਰ ਤੇ ਅਧਿਆਪਕਾ ਦੀ ਹਾਲਤ ਗੰਭੀਰ
ਹਾਦਸੇ ਵਿੱਚ ਬੱਸ ਡਰਾਈਵਰ ਅਤੇ ਅੱਗੇਲੀ ਸੀਟ ’ਤੇ ਬੈਠੀ ਅਧਿਆਪਕਾ ਨੂੰ ਗੰਭੀਰ ਸੱਟਾਂ ਲੱਗੀਆਂ। ਦੋਹਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਅਧਿਆਪਕਾ ਦੀ ਨਾਜ਼ੁਕ ਹਾਲਤ ਦੇ ਚਲਦੇ ਉਸਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ।
ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ
ਬੱਸ ਵਿੱਚ ਮੌਜੂਦ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਝਟਕਾ ਲੱਗਣ ਕਾਰਨ ਹਲਕੀਆਂ ਸੱਟਾਂ ਆਉਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਮਗਰੋਂ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧੁੰਦ ਕਾਰਨ ਦਿੱਖ ਘੱਟ ਹੋਣ ਨੂੰ ਹਾਦਸੇ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ।

