ਓਡੀਸ਼ਾ :- ਵਾਹਨਾਂ ਤੋਂ ਫੈਲ ਰਹੇ ਪ੍ਰਦੂਸ਼ਣ ’ਤੇ ਨਕੇਲ ਕਸਣ ਲਈ ਓਡੀਸ਼ਾ ਸਰਕਾਰ ਨੇ ਦਿੱਲੀ ਦੀ ਤਰਜ਼ ’ਤੇ ਇੱਕ ਵੱਡਾ ਅਤੇ ਕੜਕ ਕਦਮ ਚੁੱਕਿਆ ਹੈ। ਓਡੀਸ਼ਾ ਸਟੇਟ ਟ੍ਰਾਂਸਪੋਰਟ ਅਥਾਰਟੀ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਰਾਜ ਵਿੱਚ ਕਿਸੇ ਵੀ ਵਾਹਨ ਨੂੰ ਵੈਧ ਪ੍ਰਦੂਸ਼ਣ ਨਿਯੰਤਰਣ ਸਰਟੀਫਿਕੇਟ ਬਿਨਾਂ ਬਾਲਣ ਨਹੀਂ ਦਿੱਤਾ ਜਾਵੇਗਾ।
PUCC ਬਿਨਾਂ ਪੈਟਰੋਲ–ਡੀਜ਼ਲ ’ਤੇ ਪਾਬੰਦੀ
ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਵਾਹਨਾਂ ਕੋਲ PUCC ਨਹੀਂ ਹੋਵੇਗਾ, ਉਨ੍ਹਾਂ ਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਪੈਟਰੋਲ ਜਾਂ ਡੀਜ਼ਲ ਨਹੀਂ ਮਿਲੇਗਾ। ਸਰਕਾਰ ਦਾ ਮਕਸਦ ਸੜਕਾਂ ’ਤੇ ਚੱਲ ਰਹੇ ਪ੍ਰਦੂਸ਼ਣ ਫੈਲਾਉਂਦੇ ਵਾਹਨਾਂ ਦੀ ਗਿਣਤੀ ਘਟਾਉਣਾ ਹੈ।
ਤੇਲ ਕੰਪਨੀਆਂ ਨੂੰ ਨਿਰਦੇਸ਼ ਜਾਰੀ
ਓਡੀਸ਼ਾ STA ਵੱਲੋਂ ਸਾਰੀਆਂ ਪ੍ਰਮੁੱਖ ਤੇਲ ਕੰਪਨੀਆਂ—ਇੰਡੀਅਨ ਆਇਲ, ਭਾਰਤ ਪੈਟਰੋਲਿਯਮ, ਹਿੰਦੁਸਤਾਨ ਪੈਟਰੋਲਿਯਮ ਅਤੇ ਰਿਲਾਇੰਸ—ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਨਵੇਂ ਨਿਯਮਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਪੈਟਰੋਲ ਪੰਪਾਂ ’ਤੇ ਵਾਹਨ ਚਾਲਕਾਂ ਤੋਂ PUCC ਦੀ ਜਾਂਚ ਲਾਜ਼ਮੀ ਹੋਵੇਗੀ।
ਕਾਨੂੰਨੀ ਸਖ਼ਤੀ ਵੀ ਹੋਵੇਗੀ ਲਾਗੂ
ਅਧਿਕਾਰੀਆਂ ਮੁਤਾਬਕ ਬਿਨਾਂ PUCC ਵਾਹਨ ਚਲਾਉਣਾ ਹੁਣ ਸਿਰਫ਼ ਵਾਤਾਵਰਣ ਲਈ ਖ਼ਤਰਾ ਨਹੀਂ, ਸਗੋਂ ਮੋਟਰ ਵਾਹਨ ਐਕਟ 1988 ਦੇ ਤਹਿਤ ਕਾਨੂੰਨੀ ਉਲੰਘਣਾ ਵੀ ਮੰਨੀ ਜਾਵੇਗੀ। ਐਸੇ ਮਾਮਲਿਆਂ ਵਿੱਚ ਜੁਰਮਾਨੇ ਅਤੇ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ।
ਬਿਨਾਂ ਸਰਟੀਫਿਕੇਟ ਵਾਹਨਾਂ ’ਤੇ STA ਦੀ ਚਿੰਤਾ
ਓਡੀਸ਼ਾ ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਚਿੰਤਾ ਜਤਾਈ ਹੈ ਕਿ ਰਾਜ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਬਿਨਾਂ PUCC ਦੇ ਸੜਕਾਂ ’ਤੇ ਦੌੜ ਰਹੇ ਹਨ। ਇਨ੍ਹਾਂ ਵਾਹਨਾਂ ਵੱਲੋਂ ਨਿਕਲ ਰਹੀਆਂ ਗੈਸਾਂ ਨਿਰਧਾਰਿਤ ਮਾਪਦੰਡਾਂ ਨੂੰ ਪਾਰ ਕਰ ਰਹੀਆਂ ਹਨ, ਜਿਸ ਨਾਲ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ।
ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਮਕਸਦ
ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਕ ਸਿਹਤ ਦੀ ਸੁਰੱਖਿਆ ਅਤੇ ਵਾਤਾਵਰਣ ਨੂੰ ਸਾਫ਼ ਬਣਾਈ ਰੱਖਣ ਵੱਲ ਇੱਕ ਅਹੰਮ ਕਦਮ ਹੈ। ਨਵੇਂ ਨਿਯਮਾਂ ਨਾਲ ਲੋਕਾਂ ਨੂੰ ਆਪਣੇ ਵਾਹਨਾਂ ਦੀ ਨਿਯਮਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

